ਡੇਰਾਬੱਸੀ : ਡੇਰਾਬੱਸੀ ਹਲਕੇ ਤੋਂ ਸੀਨੀਅਰ ਭਾਜਪਾ ਆਗੂ ਅਤੇ ਸਮਾਜ ਸੇਵੀ ਸ. ਗੁਰਦਰਸ਼ਨ ਸਿੰਘ ਸੈਣੀ ਨੇ ਆਪਣੇ ਹਲਕਾ ਵਾਸੀਆਂ ਨੂੰ ਭਰੋਸਾ ਦੀਵਾਇਆ ਕਿ ਉਹ ਹੜ੍ਹ ਪੀੜਤ ਪਰਿਵਾਰਾਂ ਨਾਲ ਪੂਰੀ ਮਜ਼ਬੂਤੀ ਨਾਲ ਖੜ੍ਹੇ ਹਨ ਅਤੇ ਉਹਨਾਂ ਵੱਲੋ ਕੇਂਦਰ ਪੱਧਰ ਉੱਤੇ ਮਦਦ ਲਈ ਵੀ ਹਰ ਯਤਨ ਕੀਤਾ ਜਾਵੇਗਾ। ਉਹਨਾਂ ਵੱਲੋ ਪਿੰਡ ਭਾਂਖਰਪੁਰ, ਟਿਵਾਣਾ, ਹੰਸਾਲਾ,ਆਲਮਗੀਰ , ਸਾਧਾਪੁਰ ,ਖਜ਼ੂਰ ਮੰਡੀ ਵਿਖੇ ਘੱਗਰ ਦਰਿਆ ਦੇ ਬੰਨ੍ਹ ਦਾ ਦੌਰਾ ਕਰਕੇ ਨਿੱਜੀ ਤੌਰ 'ਤੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਦਰਦ ਨੂੰ ਸੁਣਿਆ ਅਤੇ ਰਾਹਤ ਅਤੇ ਬਚਾਅ ਕਾਰਜਾਂ ਦੀ ਸਥਿਤੀ ਦਾ ਮੁਲਾਂਕਣ ਕੀਤਾ। ਇਸ ਮੌਕੇ ਉਹਨਾਂ ਸਮੂਹ ਅਧਿਕਾਰੀਆਂ ਨੂੰ ਤਾਲਮੇਲ ਬਣਾ ਕੇ ਕੰਮ ਕਰਨ ਦੀ ਅਪੀਲ ਵੀ ਕੀਤੀ। ਗੁਰਦਰਸ਼ਨ ਸੈਣੀ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਹੜ੍ਹਾਂ ਨੂੰ ਰੋਕਣ ਦੇ ਲਈ ਪਹਿਲਾਂ ਪੁਖ਼ਤਾ ਪ੍ਰਬੰਧ ਕੀਤੇ ਹੁੰਦੇ ਤਾਂ ਸ਼ਾਇਦ ਅੱਜ ਪੰਜਾਬ ਨਾ ਡੁੱਬਦਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਾ ਤਾਂ ਬੰਨ੍ਹ ਪੱਕੇ ਕੀਤੇ ਅਤੇ ਨਾ ਹੀ ਨਹਿਰਾਂ ਦੇ ਕਿਨਾਰੇ ਪੱਕੇ ਕਰਵਾਏ। ਜਿਸ ਦਾ ਖਮਿਆਜ਼ਾ ਅੱਜ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਸ੍ਰੀ ਸੈਣੀ ਨੇ ਕਿਹਾ ਕਿ ਹਰ ਸਾਲ ਬਰਸਾਤ ਮੌਸਮ ’ਚ ਮੰਡਰਾਅ ਰਹੇ ਹੜ੍ਹ ਤੋਂ ਬਚਾਅ ਲਈ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਪ੍ਰਬੰਧ ਕਰਨੇ ਚਾਹੀਦੇ ਸਨ ਪਰ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤੇ ਗਏ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਫਸਲ ਦੇ ਨੁਕਸਾਨ ਅਤੇ ਆਮ ਲੋਕਾਂ ਦੇ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਗੁਲਜ਼ਾਰ ਸਿੰਘ, ਮੇਜਰ ਸਿੰਘ , ਹਰਪ੍ਰੀਤ ਸਿੰਘ ਟਿੰਕੂ, ਪੁਸ਼ਪਿੰਦਰ ਮਹਿਤਾ, ਹਰਨੇਕ ਮਿਆਪੁਰ, ਸਾਨੰਤ ਭਾਰਦਵਾਜ, ਰਜਿੰਦਰ , ਮਿੰਟੂ, ਅਰਜਨ ਸਿੰਘ,ਸੂਬੇਦਾਰ ਰਵਿੰਦਰ ,ਨਿਰਮਲ ਸਾਦਾਪੁਰ, ਦਿਆਲ ਸੈਣੀ ,ਰਮਣ ਸਮਗੌਲੀ ਮੋਜ਼ੂਦ ਸਨ।