ਮੋਹਾਲੀ : ਮੋਹਾਲੀ ਪਿੰਡ ਦੇ ਕੋਲ ਲੰਮੇ ਸਮੇਂ ਤੋਂ ਨਗਰ ਨਿਗਮ ਵੱਲੋਂ ਕੂੜਾ ਸੁੱਟਿਆ ਜਾ ਰਿਹਾ ਹੈ । ਇਹ ਨਗਰ ਨਿਗਮ ਦਾ ਘੋਸ਼ਿਤ ਕੂੜਾ ਸੁੱਟਣ ਦਾ ਸਥਾਨ ਹੈ । ਪਰ ਹੁਣ ਇਸ ਡੰਪਿੰਗ ਸਾਈਟ ਦਾ ਪਿੰਡ ਵਾਲਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ । ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇੱਥੇ ਬਹੁਤ ਭਾਰੀ ਮਾਤਰਾ ਵਿੱਚ ਪਿੰਡ ਮੋਹਾਲੀ ਤੋਂ ਇਲਾਵਾ ਹੋਰ ਸੈਕਟਰਾਂ ਤੇ ਨੇੜੇ ਤੇੜੇ ਦੇ ਪਿੰਡਾਂ ਦਾ ਕੂੜਾ ਲਿਆ ਕੇ ਸੁੱਟਿਆ ਜਾ ਰਿਹਾ ਹੈ , ਜਿਸ ਕਾਰਨ ਮੋਹਾਲੀ ਪਿੰਡ ਦੇ ਲੋਕਾਂ ਲਈ ਬਿਮਾਰੀ ਦਾ ਖਤਰਾ 24 ਘੰਟੇ ਸਿਰ ਤੇ ਮੰਡਰਾਉਂਦਾ ਹੈ । ਰੋਜ਼ਾਨਾ ਇੱਥੋਂ ਕਈ ਟਰਾਲੀਆਂ ਕੂੜੇ ਦੀਆਂ ਭਰ ਕੇ ਨਿਕਲਦੀਆਂ ਹਨ ਅਤੇ ਕਈ ਵਾਰ ਕੂੜਾ ਇਨਾ ਜਿਆਦਾ ਹੋ ਜਾਂਦਾ ਹੈ ਕਿ ਸੜਕ ਤੇ ਆ ਜਾਂਦਾ ਹੈ , ਇਸ ਸੰਬੰਧੀ ਅੱਜ ਵੀਰਵਾਰ ਨੂੰ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਸ ਚੀਜ਼ ਦਾ ਵਿਰੋਧ ਕੀਤਾ ਤੇ ਕੂੜਾ ਸੁੱਟਣ ਆਈਆਂ ਟਰਾਲੀਆਂ ਨੂੰ ਬੇਰੰਗ ਮੋੜ ਦਿੱਤਾ। ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਇਸ ਸੰਬੰਧੀ ਬਕਾਇਦਾ ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਗਿਆ ਹੈ । ਉਹਨਾਂ ਜ਼ੋਰਦਾਰ ਮੰਗ ਕੀਤੀ ਕਿ ਇਸ ਡੰਪਿੰਗ ਸਾਈਟ ਨੂੰ ਇੱਥੋਂ ਬਦਲਿਆ ਜਾਵੇ ਅਤੇ ਜੇਕਰ ਨਗਰ ਨਿਗਮ ਅਧਿਕਾਰੀ ਇਸ ਵੱਲ ਧਿਆਨ ਨਹੀਂ ਦਿੰਦੇ ਤਾਂ ਉਹ ਅਣਮਿੱਥੇ ਸਮੇਂ ਲਈ ਸੰਘਰਸ਼ ਸ਼ੁਰੂ ਕਰਕੇ ਧਰਨਾ ਵੀ ਲਾ ਸਕਦੇ ਹਨ ।