ਡੇਰਾਬੱਸੀ : ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਨੇ ਅੱਜ ਡੇਰਾਬੱਸੀ ਦੇ ਹੜ੍ਹ ਪ੍ਰਭਾਵਿਤ ਨੀਵੇਂ ਇਲਾਕਿਆਂ, ਜਿਨ੍ਹਾਂ ਵਿੱਚ ਗੁਲਮੋਹਰ ਐਕਸਟੈਂਸ਼ਨ, ਏ.ਟੀ.ਐਸ. ਮੀਡੋਜ਼, ਕ੍ਰਿਸ਼ਨਾ ਐਨਕਲੇਵ ਅਤੇ ਗੁਲਮੋਹਰ ਸੁਸਾਇਟੀ ਸ਼ਾਮਲ ਹਨ, ਦਾ ਅਚਨਚੇਤ ਦੌਰਾ ਕੀਤਾ। ਦੌਰੇ ਦੌਰਾਨ, ਏ.ਡੀ.ਸੀ. ਨੇ ਨਗਰ ਕੌਂਸਲ, ਡੇਰਾਬੱਸੀ ਦੀ ਤਿਆਰੀ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਹੰਗਾਮੀ ਪਾਣੀ ਦੀ ਨਿਕਾਸੀ ਅਤੇ ਨਿਵਾਸੀ ਬਚਾਅ ਕਾਰਜਾਂ ਲਈ ਸਾਰੇ ਜ਼ਰੂਰੀ ਉਪਾਅ, ਮਸ਼ੀਨਰੀ ਅਤੇ ਮਨੁੱਖੀ ਸ਼ਕਤੀ ਤਿਆਰ ਰੱਖਣ ਦੇ ਨਿਰਦੇਸ਼ ਦਿੱਤੇ।
ਈ ਓ ਰਵਨੀਤ ਸਿੰਘ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਨਗਰ ਕੌਂਸਲ ਵੱਲੋਂ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਅਤੇ ਨੀਵੇਂ ਇਲਾਕਿਆਂ ਦੀ ਸ਼ਨਾਖ਼ਤ ਕੀਤੀ ਹੋਈ ਹੈ ਅਤੇ ਉਸ ਦੇ ਅਨੁਸਾਰ ਲੋੜੀਂਦੀਆਂ ਟੀਮਾਂ ਬਣਾਈਆਂ ਹੋਈਆਂ ਹਨ। ਇਸ ਤੋਂ ਇਲਾਵਾ ਲੋੜੀਂਦੀ ਮਸ਼ੀਨਰੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ।