ਮੋਗਾ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਦੇ ਹੁਕਮਾ ਅਨੁਸਾਰ ਸਿਹਤ ਵਿਭਾਗ ਮੋਗਾ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਦਵਾਈਆਂ ਸਮੇਤ ਐਂਬੂਲੈਂਸਾਂ ਭੇਜੀਆਂ ਗਈਆਂ। ਇਹ ਐਬੂਲੈਂਸ ਮੋਗਾ ਮੈਡੀਸਿਟੀ ਸੁਪਰ ਸਪੈਸ਼ਲਟੀ ਹਸਪਤਾਲ਼, ਦਿੱਲੀ ਹਾਰਟ ਸੁਪਰ ਸਪੈਸ਼ਲਟੀ ਹਸਪਤਾਲ਼, ਡਾ, ਸੰਦੀਪ ਗਰਗ ਹਸਪਤਾਲ਼ ਜੀਰਾ ਰੋਡ ਮੋਗਾ, ਡਾ ਰਜੀਵ ਹਸਪਤਾਲ ਮੋਗਾ ਨੇ ਆਪਣੀਆਂ ਐੰਬੂਲੈਂਸਾਂ ਹੜ ਪੀੜਤਾਂ ਵਾਲੇ ਇਲਾਕਿਆਂ ਵਿੱਚ ਭੇਜਣ ਲਈ ਸਿਹਤ ਵਿਭਾਗ ਨੂੰ ਅਰਪਣ ਕੀਤੀਆਂ। ਇਸ ਮੌਕੇ ਸਿਵਲ ਸਰਜਨ ਮੋਗਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਨੇ ਅਤੇ ਆਈਐਮਏ ( ਇੰਡੀਅਨ ਮੈਡੀਕਲ ਐਸੋਸੀਏਸ਼ਨ) ਪ੍ਰੈਜੀਡੈਂਟ ਡਾਕਟਰ ਸੰਜੀਵ ਮਿੱਤਲ ਅਤੇ ਸੀਨੀਅਰ ਮੈਡੀਕਲ ਆਫਿਸਰ ਮੋਗਾ ਡਾਕਟਰ ਗਗਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਇਹ ਐਬੂਲੈਂਸਾਂ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਮੋਗਾ ਨੇ ਪ੍ਰਾਈਵੇਟ ਹਸਪਤਾਲਾਂ ਦਾ ਵੀ ਧੰਨਵਾਦ ਕੀਤਾ ਅਤੇ ਉਹਨਾਂ ਵੱਲੋਂ ਹੜ ਪੀੜਤਾਂ ਦਾ ਮੁਫਤ ਇਲਾਜ ਕਰਨ ਦੇ ਫੈਸਲੇ ਦੀ ਵੀ ਸ਼ਲਾਗਾ ਕੀਤੀ। ਇਸ ਮੌਕੇ ਡਾਕਟਰ ਸੰਜੀਵ ਮਿੱਤਲ ਜਿਲਾ ਪ੍ਰੈਜੀਡੈਂਟ ਆਈਐਮਏ ਮੋਗਾ ਨੇ ਕਿਹਾ ਕਿ ਸਮੂਹ ਡਾਕਟਰ ਸਾਹਿਬਾਨ ਹਮੇਸ਼ਾ ਇਸ ਕੁਦਰਤੀ ਆਫਤ ਦੇ ਨਾਲ ਲੜਨ ਦੇ ਲਈ ਲੋਕਾਂ ਦੇ ਨਾਲ ਖੜੇ ਹਨ ਅਤੇ ਸਿਹਤ ਵਿਭਾਗ ਦੀ ਹਰ ਤਰ੍ਹਾਂ ਦੀ ਮਦਦ ਲਈ ਸਦਾ ਤਿਆਰ ਹਨ। ਇਸ ਮੌਕੇ ਡਾਕਟਰ ਸੰਜੀਵ ਮਿੱਤਲ ਨੇ ਕਿਹਾ ਕਿ ਸਿਹਤ ਵਿਭਾਗ ਮੋਗਾ ਜਿੱਥੇ ਆਪਣੇ ਹੜ ਪ੍ਰਭਾਵਿਤ ਖੇਤਰਾਂ ਦਾ ਪੂਰਾ ਮੁਸਤੈਦੀ ਨਾਲ ਧਿਆਨ ਰੱਖ ਰਿਹਾ ਹੈ ਉਥੇ ਹੀ ਦੂਜੇ ਜਿਲ੍ਹਿਆਂ ਨੂੰ ਵੀ ਆਪਣੇ ਸਮਰੱਥਾ ਮੁਤਾਬਕ ਮਦਦ ਕਰਨ ਲਈ ਪੂਰੀ ਤਰਾਂ ਤਿਆਰ ਬਰ ਤਿਆਰ ਹੈ। ਇਸ ਮੌਕੇ ਸਿਵਲ ਸਰਜਨ ਮੋਗਾ ਨੇ ਸਿਹਤ ਵਿਭਾਗ ਦੇ ਸਮੂਹ ਕਾਮਿਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸਿਹਤ ਵਿਭਾਗ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਆਪਣਾ ਫਰਜ਼ ਸਮਝ ਕੇ ਇਸ ਕੁਦਰਤੀ ਆਫਤ ਦਾ ਮੁਕਾਬਲਾ ਕਰ ਰਹੇ ਹਨ। ਇਸ ਮੌਕੇ ਸੁਖਜੀਤ ਸਿੰਘ ਫਾਰਮੈਸੀ ਅਫਸਰ ਅਤੇ ਅੰਮ੍ਰਿਤੁ ਸ਼ਰਮਾ ਮਾਸ ਮੀਡੀਆ ਵਿੰਗ ਵੀ ਹਾਜ਼ਿਰ ਸਨ।