ਨਗਲਾ ਰੋਡ, ਸਨੌਲੀ, ਗਾਜੀਪੁਰ ਅੰਡਰਪਾਸ, ਸ਼੍ਰੀ ਗੁਰੂ ਨਾਨਕ ਇਨਕਲੇਵ ਤੇ ਹੋਰ ਕਲੋਨੀਆਂ ਦਾ ਜਾਇਜ਼ਾ
ਢਕੋਲੀ ਕਮਿਊਨਿਟੀ ਹੈਲਥ ਸੈਂਟਰ ਵਿੱਚ ਸਿਹਤ ਸੇਵਾਵਾਂ ਦੀ ਸਮੀਖਿਆ
ਜ਼ੀਰਕਪੁਰ : ਡੇਰਾਬੱਸੀ ਹਲਕੇ ਵਿੱਚ ਲਗਾਤਾਰ ਪਈ ਬਰਸਾਤ ਕਾਰਨ ਪੈਦਾ ਹੋਏ ਹਾਲਾਤਾਂ ਦਾ ਜਾਇਜ਼ਾ ਲੈਂਦੇ ਹੋਏ ਹਲਕਾ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਅੱਜ ਜ਼ੀਰਕਪੁਰ ਦੇ ਕਈ ਇਲਾਕਿਆਂ ਵਿੱਚ ਪਹੁੰਚੇ ਅਤੇ ਨਗਰ ਕੌਂਸਲ ਅਧਿਕਾਰੀਆਂ ਨਾਲ ਮਿਲ ਕੇ ਪਾਣੀ ਦੀ ਨਿਕਾਸੀ ਲਈ ਲੋੜੀਂਦੇ ਪ੍ਰਬੰਧ ਤੁਰੰਤ ਕਰਵਾਏ। ਸਭ ਤੋਂ ਪਹਿਲਾਂ ਉਹ ਸਿੰਘਪੁਰਾ ਤੋਂ ਨਗਲਾ ਰੋਡ ‘ਤੇ ਪਹੁੰਚੇ ਅਤੇ ਸੜਕਾਂ ‘ਤੇ ਖੜ੍ਹੇ ਪਾਣੀ ਦੀ ਨਿਕਾਸੀ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸਨੌਲੀ ਇਲਾਕੇ, ਗਾਜੀਪੁਰ ਅੰਡਰਪਾਸ, ਅਤੇ ਵੱਖ-ਵੱਖ ਕਾਲੋਨੀਆਂ ਦਾ ਦੌਰਾ ਕਰਦੇ ਹੋਏ ਪਾਣੀ ਦੀ ਨਿਕਾਸੀ ਦਾ ਕੰਮ ਤੇਜ਼ੀ ਨਾਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਐਮ ਐਲ ਏ ਰੰਧਾਵਾ ਨੇ ਢਕੋਲੀ ਕਮਿਊਨਿਟੀ ਹੈਲਥ ਸੈਂਟਰ ਦਾ ਦੌਰਾ ਕਰਕੇ ਉੱਥੇ ਦੀਆਂ ਸਿਹਤ ਸੇਵਾਵਾਂ ਦਾ ਮੁਆਇਨਾ ਕੀਤਾ ਅਤੇ ਹਦਾਇਤਾਂ ਦਿੱਤੀਆਂ ਕਿ ਹੜ੍ਹਾਂ ਦੀ ਇਸ ਔਖੀ ਘੜੀ ਵਿੱਚ ਲੋਕਾਂ ਨੂੰ ਇਲਾਜ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਉਹ ਸ਼੍ਰੀ ਗੁਰੂ ਨਾਨਕ ਇਨਕਲੇਵ ਅਤੇ ਨੇੜਲੇ ਪਾਰਕ ਵਿੱਚ ਵੀ ਪਹੁੰਚੇ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਮਾਨਸੂਨ ਮਗਰੋਂ ਇਨ੍ਹਾਂ ਇਲਾਕਿਆਂ ਵਿੱਚ ਪੂਰੀ ਤਰ੍ਹਾਂ ਸਾਫ਼-ਸਫ਼ਾਈ ਅਤੇ ਸੁਧਾਰ ਦੇ ਕੰਮ ਕਰਵਾਏ ਜਾਣਗੇ। ਹਲਕਾ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਜਨਤਾ ਦੀ ਸੁਰੱਖਿਆ ਅਤੇ ਸੁਵਿਧਾਵਾਂ ਪ੍ਰਤੀ ਭਗਵੰਤ ਸਿੰਘ ਮਾਨ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਹਰ ਜ਼ਰੂਰੀ ਕਦਮ ਤੁਰੰਤ ਚੁੱਕਿਆ ਜਾਵੇਗਾ।