ਮਹਿਲ ਕਲਾਂ : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਪੰਡੋਰੀ ਵਿਖੇ ਲਗਾਤਾਰ ਹੋ ਰਹੀ ਬਰਸਾਤ ਕਾਰਨ ਇਕ ਮਜ਼ਦੂਰ ਪਰਿਵਾਰ ਉੱਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ। ਪਿੰਡ ਦੇ ਵਾਸੀ ਮਨਦੀਪ ਸਿੰਘ ਪੁੱਤਰ ਅਜੀਤ ਸਿੰਘ ਦੇ ਘਰ ਦਾ ਇਕ ਕਮਰਾ ਅਤੇ ਰਸੋਈ ਦੀਆਂ ਛੱਤਾਂ ਅਚਾਨਕ ਢਹਿ ਗਈਆਂ, ਜਿਸ ਕਾਰਨ ਘਰ ਅੰਦਰ ਪਿਆ ਸਾਰਾ ਸਾਮਾਨ ਵੀ ਖ਼ਰਾਬ ਹੋ ਗਿਆ। ਇਸ ਘਟਨਾ ਨਾਲ ਪਰਿਵਾਰ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੀ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਪੰਡੋਰੀ ਦੇ ਸਰਪੰਚ ਕੈਪਟਨ ਜਤਿੰਦਰਪਾਲ ਸਿੰਘ ਪੰਡੋਰੀ ਨੇ ਕਿਹਾ ਕਿ ਘਰ ਦੀਆਂ ਕੰਧਾਂ ਵਿਚ ਵੱਡੀਆਂ ਤਰੇੜਾਂ ਪੈ ਗਈਆਂ ਹਨ, ਜੋ ਕਿਸੇ ਵੀ ਸਮੇਂ ਹੋਰ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਮਨਦੀਪ ਸਿੰਘ ਦਾ ਪਰਿਵਾਰ ਗਰੀਬੀ ਨਾਲ ਜੂਝ ਰਿਹਾ ਹੈ ਅਤੇ ਆਪਣੇ ਬਲਬੂਤੇ ਘਰ ਦੀ ਮੁਰੰਮਤ ਕਰਨ ਸਮਰੱਥ ਨਹੀਂ ਹੈ। ਕਿਉਂਕਿ ਉਕਤ ਮਜ਼ਦੂਰ ਆਪਣੇ ਘਰ ਦਾ ਪਾਲਣ ਪੋਸਣ ਮਜ਼ਦੂਰੀ ਕਰਕੇ ਕਰਦਾ ਆ ਰਿਹਾ ਹੈ। ਲੈਣ ਮਾਰਕਾ ਬੈਂਕ ਬਰਨਾਲਾ ਦੇ ਚੇਅਰਮੈਨ ਬਲਦੇਵ ਸਿੰਘ,ਸਰਪੰਚ ਕੈਪਟਨ ਜਤਿੰਦਰ ਪਾਲ ਸਿੰਘ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਤੁਰੰਤ ਪ੍ਰਭਾਵ ਨਾਲ ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ, ਤਾਂ ਜੋ ਉਨ੍ਹਾਂ ਦਾ ਘਰ ਦੁਬਾਰਾ ਬਣਾਇਆ ਜਾ ਸਕੇ ਅਤੇ ਉਹ ਸੁਰੱਖਿਅਤ ਜੀਵਨ ਬਿਤਾ ਸਕਣ। ਇਸ ਦੇ ਨਾਲ ਹੀ ਉਨ੍ਹਾਂ ਨੇ ਸਮਾਜ ਸੇਵੀਆਂ ਅਤੇ ਪਿੰਡ ਦੇ ਸਮਰੱਥ ਲੋਕਾਂ ਨੂੰ ਵੀ ਬੇਨਤੀ ਕੀਤੀ ਕਿ ਇਸ ਸੰਕਟ ਦੇ ਸਮੇਂ ਗਰੀਬ ਪਰਿਵਾਰ ਦੀ ਮਦਦ ਲਈ ਅੱਗੇ ਆਉਣ।