ਮੋਹਾਲੀ : ਹੜ੍ਹਾਂ ਦੀ ਆਫ਼ਤ ਦੌਰਾਨ ਪੰਜਾਬ ਸਰਕਾਰ ਵਲੋਂ ਭਰਤੀ ਕੀਤੇ ਗਏ ਨਵੇਂ ਮੈਡੀਕਲ ਅਧਿਕਾਰੀਆਂ ਨੇ ਜਿ਼ਲ੍ਹੇ ਦੀਆਂ ਵੱਖ -ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਆਪਣੀ ਹਾਜ਼ਰੀ ਦਿਤੀ ਹੈ।ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਪੂਰੇ ਪੰਜਾਬ ਵਿਚ ਮੈਡੀਕਲ ਅਧਿਕਾਰੀਆਂ ਦੀਆਂ ਨਵੀਂਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।ਉਨ੍ਹਾਂ ਦਸਿਆ ਕਿ ਜਿ਼ਲ੍ਹਾ ਐਸ.ਏ.ਐਸ. ਨਗਰ ਵਿਚ 16 ਮੈਡੀਕਲ ਅਧਿਕਾਰੀਆਂ ਦੀ ਨਿਯੁਕਤੀ ਹੋਈ ਹੈ ਜਿਨ੍ਹਾਂ ਵਿਚੋਂ 8 ਮੈਡੀਕਲ ਅਧਿਕਾਰੀਆਂ ਨੇ ਜੁਆਇਨ ਕਰ ਲਿਆ ਹੈ ਤੇ ਬਾਕੀਆਂ ਨੇ ਵੀ ਬਹੁਤ ਜਲਦੀ ਜੁਆਇਨ ਕਰਨ ਦੀ ਹਾਮੀ ਭਰੀ ਹੈ।ਉਨ੍ਹਾਂ ਦਸਿਆ ਕਿ ਇਨ੍ਹਾਂ ਅਧਿਕਾਰੀਆਂ ਦੀ ਨਿਯੁਕਤੀ ਨਾਲ ਜਿ਼ਲ੍ਹੇ ਦੇ ਲੋਕਾਂ ਨੂੰ ਹੋਰ ਵਧੀਆ ਸਿਹਤ ਸੇਵਾਵਾਂ ਦੇਣ ਵਿਚ ਕਾਫ਼ੀ ਮਦਦ ਮਿਲੇਗੀ।ਉਨ੍ਹਾਂ ਕਿਹਾ ਇਸ ਵੇਲੇ ਹੜ੍ਹਾਂ ਦੇ ਹਾਲਾਤ ਚੱਲ ਰਹੇ ਹਨ ਜਿਸ ਕਾਰਨ ਇਨ੍ਹਾਂ ਅਧਿਕਾਰੀਆਂ ਦੀ ਨਿਯੁਕਤੀ ਕਾਫ਼ੀ ਅਹਿਮ ਹੈ।ਇਨ੍ਹਾਂ ਅਧਿਕਾਰੀਆਂ ਨੂੰ ਫਿ਼ਲਹਾਲ ਹੜ੍ਹ ਪ੍ਰਭਾਵਤ ਜਾਂ ਹੜ੍ਹ ਸੰਭਾਵੀ ਖੇਤਰਾਂ ਵਿਚ ਤੈਨਾਤ ਕੀਤਾ ਗਿਆ ਹੈ ਤਾਕਿ ਹੜ੍ਹਾਂ ਦੌਰਾਨ ਲੋਕਾਂ ਨੂੰ ਸਿਹਤ ਸੇਵਾਵਾਂ ਲੈਣ ਵਿਚ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ।