ਦਿਹਾੜੀ ਕਰਕੇ ਚੱਲਦਾ ਸੀ ਪਰਵਾਰ ਦਾ ਗੁਜ਼ਾਰਾ
ਸੁਨਾਮ : ਸੁਨਾਮ ਇਲਾਕੇ ਅੰਦਰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਬਰਸਾਤ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ। ਪੱਕੇ ਘਰਾਂ ਦੀਆਂ ਛੱਤਾਂ ਚੋਂ ਬਰਸਾਤੀ ਪਾਣੀ ਚੋਅ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਘਰਾਂ ਦੀਆਂ ਛੱਤਾਂ ਵੀ ਡਿੱਗ ਰਹੀਆਂ ਹਨ। ਵੀਰਵਾਰ ਨੂੰ ਸੁਨਾਮ ਨੇੜਲੇ ਪਿੰਡ ਬਖ਼ਸ਼ੀਵਾਲਾ ਵਿਖੇ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਸਤਨਾਮ ਸਿੰਘ ਪੁੱਤਰ ਕਰਨੈਲ ਸਿੰਘ ਦੇ ਘਰ ਦੀ ਛੱਤ ਜ਼ਿਆਦਾ ਮੀਂਹ ਪੈਣ ਨਾਲ ਡਿੱਗ ਗਈ, ਲੇਕਿਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਦੱਸਿਆ ਗਿਆ ਕਿ ਜਦੋਂ ਸਵੇਰੇ ਕਰੀਬ ਸਾਢੇ ਕੁ ਨੌਂ ਵਜੇ ਘਰ ਦੀ ਛੱਤ ਡਿੱਗੀ ਤਾਂ ਉਸ ਸਮੇਂ ਪਰਿਵਾਰ ਦੇ ਮੈਂਬਰ ਘਰ ਤੋਂ ਬਾਹਰ ਸਨ। ਪਿੰਡ ਬਖ਼ਸ਼ੀਵਾਲਾ ਦੇ ਵਸਨੀਕ ਸਤਨਾਮ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਦੇ ਘਰ ਦੀ ਛੱਤ ਜ਼ਿਆਦਾ ਮੀਂਹ ਪੈਣ ਕਾਰਨ ਡਿੱਗ ਗਈ ਹੈ ਉਸ ਸਮੇਂ ਪਰਿਵਾਰ ਦੇ ਮੈਂਬਰ ਘਰ ਤੋਂ ਬਾਹਰ ਸਨ। ਉਨ੍ਹਾਂ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ,ਕੋਈ ਜ਼ਮੀਨ ਜਾਇਦਾਦ ਨਹੀਂ ਹੈ। ਉਨ੍ਹਾਂ ਆਖਿਆ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਜ਼ਿੰਦਗੀ ਬਤੀਤ ਕਰਨੀ ਮੁਸ਼ਕਿਲ ਹੋ ਰਹੀ ਹੈ। ਇਸੇ ਦੌਰਾਨ ਕਾਮਰੇਡ ਹਰਦੇਵ ਸਿੰਘ ਬਖ਼ਸ਼ੀਵਾਲਾ, ਮੇਜ਼ਰ ਸਿੰਘ ਸੈਕਟਰੀ, ਭੋਲਾ ਸਿੰਘ ਅਤੇ ਕਾਮਰੇਡ ਜਗਦੀਸ਼ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਖ਼ਸ਼ੀਵਾਲਾ ਵਿਖੇ ਮੀਂਹ ਨਾਲ ਮਜ਼ਦੂਰ ਪਰਿਵਾਰ ਸਤਨਾਮ ਸਿੰਘ ਦੇ ਘਰ ਦੀ ਡਿੱਗੀ ਛੱਤ ਨਾਲ ਹੋਏ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਅਤੇ ਘਰ ਬਣਾਉਣ ਲਈ ਫੰਡ ਮੁਹਈਆ ਕਰਵਾਇਆ ਜਾਵੇ। ਉਨ੍ਹਾਂ ਆਖਿਆ ਕਿ ਸਤਨਾਮ ਸਿੰਘ ਦਾ ਪਰਿਵਾਰ ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਹੈ।