ਪੰਜ ਸੌ ਰੁਪਏ ਪ੍ਰਤੀ ਏਕੜ ਕਰਨਗੇ ਇਕੱਠੇ
ਪਿੰਡ ਦੇ ਰਕਬੇ ਮੁਤਾਬਕ ਤੀਹ ਲੱਖ ਰੁਪਏ ਹੋਣਗੇ ਇਕੱਠੇ
ਸੁਨਾਮ : ਸੂਬੇ ਅੰਦਰ ਆਏ ਹੜਾਂ ਤੋਂ ਪ੍ਰਭਾਵਿਤ ਲੋਕਾਂ ਦੀ ਮੱਦਦ ਕਰਨ ਲਈ ਪੰਜਾਬੀਆਂ ਨੇ ਬੀੜਾ ਚੁੱਕ ਲਿਆ ਹੈ। ਅਜਿਹੇ ਹਾਲਾਤਾਂ ਵਿੱਚ ਵਿਧਾਨ ਸਭਾ ਹਲਕਾ ਸੁਨਾਮ ਅਧੀਨ ਆਉਂਦੇ ਪਿੰਡ ਸ਼ੇਰੋਂ ਦੇ ਲੋਕਾਂ ਨੇ ਹੜ੍ਹ ਪ੍ਰਭਾਵਿਤ ਇੱਕ ਪਿੰਡ ਨੂੰ ਗੋਦ ਲੈਕੇ ਉਸਦਾ ਮੁੜ ਵਸੇਬਾ ਕਰਨ ਦਾ ਫ਼ੈਸਲਾ ਕੀਤਾ ਹੈ। ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਲੋਕਾਂ ਨੇ ਮਨੁੱਖਤਾ ਅਤੇ ਏਕਤਾ ਦੀ ਇੱਕ ਮਿਸਾਲ ਕਾਇਮ ਕੀਤੀ ਹੈ। ਪਿੰਡ ਦੇ ਵਸਨੀਕਾਂ ਨੇ ਹੜ੍ਹ ਪ੍ਰਭਾਵਿਤ ਪਿੰਡ ਨੂੰ ਗੋਦ ਲੈਕੇ ਉਸਦਾ ਮੁੜ ਵਸੇਬਾ ਕਰਨ ਤੇ ਹੋਣ ਵਾਲੇ ਪੈਸੇ ਦਾ ਪ੍ਰਬੰਧ ਪਿੰਡ ਵਿੱਚੋਂ ਹੀ ਕਰਨ ਲਈ ਪੰਜ ਸੌ ਰੁਪਏ ਪ੍ਰਤੀ ਏਕੜ ਇਕੱਠੇ ਕਰਨਗੇ।
ਬੁੱਧਵਾਰ ਨੂੰ ਪਿੰਡ ਸ਼ੇਰੋਂ ਵਿਖੇ ਕੀਤੀ ਸਾਂਝੀ ਮੀਟਿੰਗ ਵਿੱਚ ਇਹ ਵੱਡਾ ਫੈਸਲਾ ਪਿੰਡ ਦੀ ਪੰਚਾਇਤ, ਸਾਬਕਾ ਸਰਪੰਚਾਂ, ਗੁਰਦੁਆਰਾ ਕਮੇਟੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਨੁਮਾਇੰਦਿਆਂ ਨੇ ਸਮੂਹਿਕ ਤੌਰ ਤੇ ਲਿਆ ਹੈ । ਇਹ ਫੈਸਲਾ ਕੀਤਾ ਗਿਆ ਕਿ ਹਰੇਕ ਕਿਸਾਨ ਤੋਂ 500 ਰੁਪਏ ਪ੍ਰਤੀ ਏਕੜ ਯੋਗਦਾਨ ਵਜੋਂ ਲਏ ਜਾਣਗੇ। ਪਿੰਡ ਵਿੱਚ ਲਗਭਗ 6,000 ਏਕੜ ਵਾਹੀਯੋਗ ਜ਼ਮੀਨ ਹੈ, ਜਿਸ ਤੋਂ 30 ਲੱਖ ਰੁਪਏ ਤੋਂ ਵੱਧ ਦੀ ਸਹਾਇਤਾ ਵਜੋਂ ਇਕੱਠੀ ਹੋਣ ਦੀ ਉਮੀਦ ਹੈ।
ਨੌਜਵਾਨਾਂ ਨੇ ਕਮਾਨ ਸੰਭਾਲੀ, ਟਰੈਕਟਰਾਂ ਨਾਲ ਖੇਤ ਵਿੱਚ ਪਹੁੰਚਣਗੇ—
ਪੰਚਾਇਤ ਸਮੇਤ ਹੋਰਨਾਂ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਹੋਈ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਪਿੰਡ ਦੇ ਨੌਜਵਾਨ ਟਰੈਕਟਰਾਂ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਡੇਰਾ ਲਾਉਣਗੇ ਅਤੇ ਪੁਨਰਵਾਸ ਕਾਰਜ ਖੁਦ ਸੰਭਾਲਣਗੇ। ਜਲਦੀ ਹੀ ਇਹ ਫੈਸਲਾ ਕੀਤਾ ਜਾਵੇਗਾ ਕਿ ਕਿਹੜਾ ਪਿੰਡ ਗੋਦ ਲਿਆ ਜਾਵੇਗਾ। ਹੜ੍ਹ ਪ੍ਰਭਾਵਿਤ ਪਿੰਡ ਦੇ ਪੁਨਰਵਾਸ ਯੋਜਨਾ ਵਿੱਚ ਬਹੁਤ ਸਾਰੇ ਕੰਮਾਂ ਨੂੰ ਤਰਜੀਹ ਦਿੱਤੀ ਜਾਵੇਗੀ। ਜਿਸ ਵਿੱਚ ਖੇਤੀਬਾੜੀ ਵਾਲੀ ਜ਼ਮੀਨ ਨੂੰ ਦੁਬਾਰਾ ਉਪਜਾਊ ਬਣਾਉਣਾ, ਟੁੱਟੇ ਹੋਏ ਘਰਾਂ ਦੀ ਮੁਰੰਮਤ ਅਤੇ ਉਸਾਰੀ,ਮਰੀਜ਼ਾਂ ਲਈ ਦਵਾਈਆਂ ਦਾ ਪ੍ਰਬੰਧ, ਪਸ਼ੂਆਂ ਲਈ ਚਾਰਾ ਅਤੇ ਲੋੜਵੰਦਾਂ ਲਈ ਭੋਜਨ ਅਤੇ ਜ਼ਰੂਰੀ ਸਮੱਗਰੀ ਸ਼ਾਮਲ ਹੈ। ਇਹ ਸਿਰਫ਼ ਰਾਹਤ ਨਹੀਂ ਹੈ, ਸਗੋਂ ਜ਼ਮੀਨ ਤੋਂ ਲੈ ਕੇ ਜੀਵਨ ਤੱਕ ਹਰ ਚੀਜ਼ ਨੂੰ ਦੁਬਾਰਾ ਬਣਾਉਣ ਦੀ ਯੋਜਨਾ ਹੈ। ਪਿੰਡ ਸ਼ੇਰੋਂ ਦੇ ਸਰਪੰਚ ਸਤਿਗੁਰ ਸਿੰਘ, ਸਾਬਕਾ ਸਰਪੰਚ ਕੇਵਲ ਸਿੰਘ ਅਤੇ ਬਿੱਕਰ ਸਿੰਘ, ਐਡਵੋਕੇਟ ਹਰਪ੍ਰੀਤ ਸਿੰਘ, ਗੁਰਦੁਆਰਾ ਕਮੇਟੀ ਦੇ ਅਮਰਜੀਤ ਸਿੰਘ, ਬੀ.ਕੇ.ਯੂ. (ਉਗਰਾਹਾਂ) ਦੇ ਮੱਖਣ ਸਿੰਘ, ਸਮਾਜ ਸੇਵਕ ਵਿਨੋਦ ਕੁਮਾਰ ਇਸ ਕਾਰਜ਼ ਦੀ ਕਮਾਨ ਸੰਭਾਲ ਰਹੇ ਹਨ। ਸਾਰਿਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਉਹ ਸਿਰਫ਼ ਗੱਲਾਂ ਨਹੀਂ ਕਰਨਗੇ, ਸਗੋਂ ਕੰਮ ਕਰਕੇ ਦਿਖਾ ਦੇਣਗੇ। ਅਸੀਂ ਹੜ੍ਹ ਪੀੜਤਾਂ ਨੂੰ ਇਕੱਲਾ ਨਹੀਂ ਛੱਡ ਸਕਦੇ। ਇਹ ਸਿਰਫ਼ ਇੱਕ ਪਿੰਡ ਨੂੰ ਨਹੀਂ ਸਗੋਂ ਪੂਰੇ ਸਮਾਜ ਨੂੰ ਮੁੜ ਉਸਾਰਨ ਦਾ ਸੰਕਲਪ ਹੈ।
ਜਦੋਂ ਸਰਕਾਰਾਂ ਚੁੱਪ ਹੁੰਦੀਆਂ ਹਨ, ਤਾਂ ਸਮਾਜ ਬੋਲਦੈ
ਅੱਜ, ਜਦੋਂ ਹੜ੍ਹ ਪੀੜਤਾਂ ਦੀ ਸਰਕਾਰੀ ਮੱਦਦ ਸੀਮਤ ਜਾਂ ਦੇਰੀ ਨਾਲ ਹੁੰਦੀ ਹੈ, ਤਾਂ ਪਿੰਡ ਦੇ ਨੌਜਵਾਨਾਂ ਨੇ ਦਿਖਾਇਆ ਹੈ ਕਿ ਅਸਲ ਤਾਕਤ ਸਮਾਜ ਵਿੱਚ ਹੈ। ਇਹ ਇੱਕ ਉਦਾਹਰਣ ਹੈ ਕਿ ਕਿਵੇਂ ਪੰਜਾਬ ਦਾ ਪੇਂਡੂ ਸਮਾਜ ਅੱਗੇ ਆ ਸਕਦਾ ਹੈ ਅਤੇ ਨਾ ਸਿਰਫ਼ ਆਪਣੇ ਲਈ, ਸਗੋਂ ਦੂਜਿਆਂ ਲਈ ਵੀ ਅਗਵਾਈ ਕਰ ਸਕਦਾ ਹੈ। ਲੋੜਵੰਦਾਂ ਦੀ ਮੱਦਦ ਲਈ ਪੰਜਾਬ ਇੱਕ ਵਾਰ ਫਿਰ ਮਨੁੱਖਤਾ ਦੀ ਸੇਵਾ ਲਈ ਅੱਗੇ ਆਇਆ ਹੈ।