ਕੁਰਾਲੀ : ਕੁਰਾਲੀ ਸਥਿਤ ਪ੍ਰਭ ਆਸਰਾ (ਸਰਬ ਸਾਂਝਾ ਪਰਿਵਾਰ) ਸੰਸਥਾ, ਜੋ ਪਿਛਲੇ 21 ਸਾਲਾਂ ਤੋਂ ਬੇਸਹਾਰਾ ਲੋਕਾਂ ਦੀ ਸੇਵਾ ਕਰ ਰਹੀ ਹੈ, 16 ਅਗਸਤ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜਾਂ ਵਿੱਚ ਪੂਰੀ ਤਨਦੇਹੀ ਨਾਲ ਜੁੱਟੀ ਹੋਈ ਹੈ। ਹੜ੍ਹਾਂ ਦੇ ਹਾਲਾਤਾਂ ਨੂੰ ਵੇਖਦਿਆਂ, ਸੰਸਥਾ ਦੇ ਮੁੱਖੀ ਭਾਈ ਸ਼ਮਸ਼ੇਰ ਸਿੰਘ ਵਿਸ਼ੇਸ਼ ਤੌਰ ’ਤੇ ਆਸਟਰੇਲੀਆ ਤੋਂ ਵਾਪਸ ਪਰਤੇ ਅਤੇ ਸਿੱਧੇ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਵੱਲ ਰਵਾਨਾ ਹੋ ਗਏ। ਸੰਸਥਾ ਦੀਆਂ ਕਈ ਟੀਮਾਂ ਤਿੰਨ ਕਿਸ਼ਤੀਆਂ, ਦੋ ਐਂਬੂਲੈਂਸਾਂ ਅਤੇ ਸਮਰਪਿਤ ਪੈਰਾਮੈਡੀਕਲ ਸਟਾਫ ਨਾਲ ਫ਼ਰੋਜ਼ਪੁਰ ਅਤੇ ਸੁਲਤਾਨਪੁਰ ਲੋਧੀ ਖੇਤਰਾਂ ਵਿੱਚ ਫਸੇ ਹੋਏ ਪਰਿਵਾਰਾਂ ਦੀ ਮੱਦਦ ਕਰ ਰਹੀਆਂ ਹਨ। ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਨੇ ਦੱਸਿਆ ਕਿ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਹਜ਼ਾਰਾਂ ਪਰਿਵਾਰਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਦਾ ਖ਼ਤਰਾ ਬਣਿਆ ਹੋਇਆ ਹੈ । ਪ੍ਰਭ ਆਸਰਾ ਦੀ ਟੀਮ ਘਰਾਂ ਵਿੱਚ ਫਸੇ ਲੋਕਾਂ ਤੱਕ ਰਾਸ਼ਨ ਕਿੱਟਾਂ, ਦਵਾਈਆਂ, ਪੀਣ ਵਾਲਾ ਪਾਣੀ, ਤਰਪਾਲਾਂ ਅਤੇ ਪਸ਼ੂਆਂ ਲਈ ਚਾਰਾ ਅਤੇ ਫੀਡ ਪਹੁੰਚਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੜ੍ਹਾਂ ਦੇ ਪਾਣੀ ਤੋਂ ਕਈ ਪਰਿਵਾਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ, ਪਰ ਅਜੇ ਵੀ ਬਹੁਤ ਸਾਰੇ ਲੋਕ ਮੱਦਦ ਦੀ ਉਡੀਕ ਕਰ ਰਹੇ ਹਨ। ਪੀੜਤ ਲੋਕਾਂ ਨੂੰ ਹੜ੍ਹਾਂ ਤੋਂ ਬਾਅਦ ਫੈਲਣ ਵਾਲੀਆਂ ਬਿਮਾਰੀਆਂ ਅਤੇ ਰੋਜ਼ੀ-ਰੋਟੀ ਦੀ ਚਿੰਤਾ ਸਤਾ ਰਹੀ ਹੈ। ਪ੍ਰਭ ਆਸਰਾ ਦੀ ਟੀਮ ਇਨਸਾਨੀਅਤ ਦੀ ਸੇਵਾ ਦਾ ਇੱਕ ਸ਼ਾਨਦਾਰ ਉਦਾਹਰਣ ਪੇਸ਼ ਕਰ ਰਹੀ ਹੈ ਅਤੇ ਇਸ ਮੁਸ਼ਕਿਲ ਘੜੀ ਵਿੱਚ ਸਮਾਜ ਦਰਦੀ ਸੱਜਣਾ ਦੀ ਮੱਦਦ ਨਾਲ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਨ ਵਿੱਚ ਦਿਨ ਰਾਤ ਜੁੱਟੀ ਹੋਈ ਹੈ ।