ਰਾਮਪੁਰਾ ਫੂਲ : ਸੂਬਾ ਸਰਕਾਰ ਦੀ ਪੰਜਾਬ ਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਮੁੱਖ ਤਰਜੀਹ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਮੌੜ ਸੁਖਬੀਰ ਸਿੰਘ ਮਾਈਸਰਖਾਨਾ ਨੇ ਅੱਜ ਬਾਲਿਆਂਵਾਲੀ ਵਿਖੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਮਾਨਵ ਵਿਕਾਸ ਸੰਸਥਾ ਇੰਡੀਆ ਤੇ ਕੋਨਿਕਾ ਮਿਨੋਲਟਾ ਦੇ ਸਾਂਝੇ ਉਪਰਾਲਿਆਂ ਤਹਿਤ ਪ੍ਰੋਜੈਕਟ 'ਅਰੋਗਿਆ ਸੀਐਸਆਰ ਸਕੀਮ 'ਅਧੀਨ ਹੈਲਥ ਏਟੀਐਮ ਮਸ਼ੀਨ ਨੂੰ ਲੋਕ ਅਰਪਿਤ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਿਵਲ ਸਰਜਨ ਡਾ. ਤਪਿੰਦਰਜੋਤ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।ਇਸ ਮੌਕੇ ਵਿਧਾਇਕ ਮਾਈਸਰਖਾਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣਾ ਧਿਆਨ ਹਮੇਸ਼ਾ ਹੀ ਆਮ ਲੋਕਾਂ ਨੂੰ ਬਿਹਤਰ ਤੇ ਮੁੱਢਲੀਆਂ ਸਿਹਤ ਸਹੂਲਤਾਂ ਉਨ੍ਹਾਂ ਦੇ ਦਰ੍ਹਾਂ ਤੇ ਮੁਹੱਈਆ ਕਰਵਾਉਣ ਵੱਲ ਕੇਂਦਰਿਤ ਕੀਤਾ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਰ ਪੰਜਾਬ ਵਾਸੀ ਨੂੰ ਨਿਰੋਗ ਬਣਾਉਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਕਮਿਊਨਿਟੀ ਹੈਲਥ ਸੈਂਟਰ ਦਾ ਵਿਸੇਸ਼ ਤੌਰ ‘ਤੇ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਵਲੋਂ ਇੱਕ ਬਜ਼ੁਰਗ ਕੋਲੋਂ ਹੈਲਥ ਏ.ਟੀ.ਐਮ. ਮਸ਼ੀਨ ਨੂੰ ਲੋਕ ਅਰਪਿਤ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ ਇਹ ਹੈਲਥ ਏ.ਟੀ.ਐਮ. ਮਸ਼ੀਨਾਂ ਕਮਿਊਨਿਟੀ ਹੈਲਥ ਸੈਂਟਰ ਬਾਲਿਆਂਵਾਲੀ, ਰਾਮਾਂ, ਮਹਿਰਾਜ ਅਤੇ ਨਥਾਣਾ ਵਿਖੇ ਲਗਾਈਆਂ ਗਈਆਂ ਹਨ,ਜੋ ਆਮ ਲੋਕਾਂ ਲਈ ਸਹਾਈ ਸਿੱਧ ਹੋਣਗੀਆਂ।
ਡੀਸੀ ਨੇ ਕਿਹਾ ਕਿ ਇਨ੍ਹਾਂ ਮਸ਼ੀਨਾਂ ਰਾਹੀਂ ਜਨਰਲ ਸਿਹਤ ਜਾਂਚ ਤੋਂ ਇਲਾਵਾ ਡਾਇਵਟੀਜ਼, ਅਨੀਮੀਆਂ, ਕਾਰਡਿਕ, ਅੱਖਾਂ ਤੇ ਕੰਨਾਂ ਦਾ ਟੈਸਟ ਅਤੇ ਮਾਨਸਿਕ ਹੈਲਥ ਚੈਕਅਪ ਵੀ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸ਼ੀਨਾਂ ਵਿੱਚ ਮਰੀਜ਼ ਦਾ ਜਿਥੇ ਸਾਰੀਆਂ ਰਿਪੋਰਟਾਂ ਦਾ ਰਿਕਾਰਡ ਜਮ੍ਹਾਂ ਰੱਖਿਆ ਜਾ ਸਕੇਗਾ, ਉੱਥੇ ਹੀ ਸਾਰੀਆਂ ਰਿਪੋਰਟਾਂ 10-15 ਮਿੰਟ ਵਿੱਚ ਵਟਸਐਪ ਰਾਹੀਂ ਵੀ ਪ੍ਰਾਪਤ ਕੀਤੀਆਂ ਜਾ ਸਕਣਗੀਆਂ। ਉਨ੍ਹਾਂ ਇਸ ਵਿਸ਼ੇਸ਼ ਕਾਰਜ ਲਈ ਮਾਨਵ ਵਿਕਾਸ ਸੰਸਥਾ ਦੇ ਸੀਨੀਅਰ ਆਉਟਰੀਚ ਅਫ਼ਸਰ ਕ੍ਰਾਤਿਕ ਤਿਵਾੜੀ ਦਾ ਧੰਨਵਾਦ ਵੀ ਕੀਤਾ।ਇਸ ਮੌਕੇ ਐਸ.ਡੀ.ਐਮ. ਮੌੜ ਸੁਖਰਾਜ ਸਿੰਘ ਢਿੱਲੋਂ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਮਨਦੀਪ ਸਿੰਗਲਾ, ਸੀਨੀਅਰ ਮੈਡੀਕਲ ਅਫ਼ਸਰ ਡਾ. ਸ਼ੈਲੀ ਅਰੌੜਾ, ਡਾ. ਕਮਲਜੀਤ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ, ਜ਼ਿਲ੍ਹਾ ਬੀ.ਸੀ.ਸੀ. ਕੁਆਰਡੀਨੇਟਰ ਨਰਿੰਦਰ ਕੁਮਾਰ, ਬੀ.ਈ.ਈ. ਜਗਤਾਰ ਸਿੰਘ, ਹਸਪਤਾਲ ਐਡਮਿਨ ਸੀਨੂੰ ਤੇ ਸੁਧੀਰ ਕੁਮਾਰ ਆਦਿ ਹਾਜ਼ਰ ਸਨ।