ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਯੂ.ਜੀ.ਸੀ.-ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ (ਐੱਮ.ਐੱਮ.ਟੀ.ਟੀ.ਸੀ.) ਨੇ ਅੱਜ ਸੂਚਨਾ ਸੰਚਾਰ ਤਕਨਾਲੌਜੀ (ਆਈ.ਸੀ.ਟੀ.) ਵਿਸ਼ੇ ਉੱਤੇ ਰਿਫ਼ਰੈਸ਼ਰ ਕੋਰਸ ਅਤੇ ਕੌਮੀ ਸਿੱਖਿਆ ਨੀਤੀ (ਐੱਨ.ਈ.ਪੀ.) ਬਾਰੇ ਓਰੀਐਂਟੇਸ਼ਨ ਪ੍ਰੋਗਰਾਮ ਨੂੰ ਆਨਲਾਈਨ ਮੋਡ ਵਿੱਚ ਸ਼ੁਰੂ ਕੀਤਾ ਗਿਆ। ਉਦਘਾਟਨੀ ਸੈਸ਼ਨ ਵਿੱਚ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਅਤੇ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਸਾਰੇ ਭਾਗੀਦਾਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਧਿਆਪਕ ਵੱਲੋਂ ਲਿਆ ਜਾਂਦਾ ਹਰ ਲੈਕਚਰ ਵਿਦਿਆਰਥੀ ਦੇ ਭਵਿੱਖ ਨੂੰ ਆਕਾਰ ਦਿੰਦਾ ਹੈ। ਇਸ ਲਈ ਅਧਿਆਪਕ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਦੁਨੀਆਂ ਭਰ ਵਿੱਚ ਪੈਦਾ ਹੋ ਰਹੇ ਨਵੇਂ ਗਿਆਨ ਅਤੇ ਤਕਨਾਲੌਜੀ ਨਾਲ਼ ਜੁੜਿਆ ਰਹੇ। ਵਿਸ਼ੇਸ਼ ਮਹਿਮਾਨ ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਆਈ.ਸੀ.ਟੀ. ਨੂੰ ਆਧੁਨਿਕ ਸਿੱਖਿਆ ਦੀ ਰੀੜ੍ਹ ਦੱਸਦਿਆਂ ਯੂ.ਜੀ.ਸੀ.-ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਦੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ।
ਯੂ.ਜੀ.ਸੀ.-ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਦੇ ਡਾਇਰੈਕਟਰ ਡਾ. ਰਮਨ ਮੈਣੀ ਨੇ ਦੱਸਿਆ ਕਿ ਆਈ.ਸੀ.ਟੀ. ਰਿਫ਼ਰੈਸ਼ਰ ਕੋਰਸ ਵਿੱਚ ਅਧਿਆਪਕਾਂ ਨੂੰ ਡਿਜੀਟਲ ਲਰਨਿੰਗ, ਪ੍ਰੋਗਰਾਮਿੰਗ ਅਤੇ ਨਵੀਆਂ ਤਕਨੀਕਾਂ ਜਿਵੇਂ ਏ.ਆਈ, ਬਿਗ ਡਾਟਾ, ਈ-ਲਰਨਿੰਗ ਪਲੇਟਫਾਰਮ ਅਤੇ ਡਿਜੀਟਲ ਸੁਰੱਖਿਆ ਵਰਗੇ ਟੂਲਜ਼ ਨਾਲ ਸੰਪੰਨ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੋਰਸ ਅਧਿਆਪਕਾਂ ਨੂੰ ਤਕਨੀਕ ਸਮਰੱਥ ਬਣਾਉਣ ਦਾ ਉਦੇਸ਼ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਐੱਨ.ਈ.ਪੀ. ਪ੍ਰੋਗਰਾਮ ਵਿੱਚ ਚਿੰਤਨ ਅਤੇ ਵਿਕਾਸ 'ਤੇ ਜ਼ੋਰ ਦਿੱਤਾ ਗਿਆ ਹੈ, ਜੋ ਬੁਨਿਆਦੀ ਗਿਆਨ ਨੂੰ ਨੈਸ਼ਨਲ ਐਜੂਕੇਸ਼ਨ ਪਾਲਿਸੀ (ਐੱਨ.ਈ.ਪੀ) 2020 ਦੇ ਅਮਲਾਂ ਨਾਲ ਜੋੜਦਾ ਹੈ।ਉਨ੍ਹਾਂ ਕੋਆਰਡੀਨੇਟਰਾਂ ਡਾ. ਲਖਵਿੰਦਰ ਕੌਰ ਅਤੇ ਡਾ. ਨਵਦੀਪ ਕੰਵਲ (ਆਈਸੀਟੀ), ਅਤੇ ਡਾ. ਨਿਧੀ ਵਾਲੀਆ ਅਤੇ ਡਾ. ਹੀਨਾ ਅਟਵਾਲ (ਐੱਨਈਪੀ) ਦੇ ਯਤਨਾਂ ਦੀ ਵੀ ਪ੍ਰਸ਼ੰਸ਼ਾ ਕੀਤੀ।
ਇਸ ਉਪਰੰਤ ਡਾ. ਲਖਵਿੰਦਰ ਕੌਰ ਨੇ ਆਪਣੇ ਸੰਬੋਧਨ ਵਿੱਚ ਉੱਤਮਤਾ ਅਤੇ ਜੀਵਨ ਭਰ ਸਿੱਖਣ ਲਈ ਵਚਨਬੱਧ ਰਹਿਣ ਬਾਰੇ ਅਪੀਲ ਕੀਤੀ। ਡਾ. ਨਵਦੀਪ ਕੰਵਲ ਨੇ ਏ.ਆਈ-ਸਮਰੱਥ ਅਧਿਆਪਨ ਸਮੇਤ ਥੀਮਾਂ ਦੀ ਰੂਪ-ਰੇਖਾ ਪੇਸ਼ ਕੀਤੀ। ਡਾ. ਨਿਧੀ ਵਾਲੀਆ ਨੇ ਐੱਨ.ਈ.ਪੀ ਬਾਰੇ ਜਾਗਰੂਕਤਾ 'ਤੇ ਜ਼ੋਰ ਦਿੱਤਾ। ਡਾ. ਹੀਨਾ ਅਟਵਾਲ ਨੇ ਧੰਨਵਾਦੀ ਭਾਸ਼ਣ ਦਿੱਤਾ।