ਮਹਿਲ ਕਲਾਂ : ਪੰਜਾਬ ਸਰਕਾਰ ਵਲੋਂ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਬਣਾਏ ਇਲਾਕਾ ਵਾਰ ਕੰਟਰੋਲ ਰੂਮ ਸਿਰਫ਼ ਝੂਠੀ ਬਿਆਨਬਾਜ਼ੀ ਤੋਂ ਸਿਵਾਏ ਕੱਖ ਵੀ ਨਹੀਂ ਹਨ। ਇਹ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਜਸਵੀਰ ਸਿੰਘ ਖੇੜੀ ਨੇ ਬੀ.ਡੀ.ਪੀ.ਓ. ਕੰਪਲੈਕਸ ਮਹਿਲ ਕਲਾਂ 'ਚ ਬਣਾਏ ਗਏ ਕੰਟਰੋਲ ਰੂਮ 'ਚ ਤਰਪਾਲਾਂ ਲੈਣ ਆਏ ਪੀੜਤ ਮਜ਼ਦੂਰਾਂ ਦਾ ਦੁੱਖ ਸੁਣਨ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਲਗਾਤਾਰ ਮੀਂਹ ਪੈਣ ਨਾਲ ਕੁੱਝ ਮਜ਼ਦੂਰਾਂ ਦੇ ਘਰ ਢਹਿ ਗਏ, ਕੁੱਝ ਚੋਅ ਰਹੇ ਹਨ। ਇਸ ਬਿਪਤਾ ਮਾਰੇ ਲੋਕਾਂ ਲਈ ਸਰਕਾਰ ਵਲੋਂ ਰਾਸ਼ਨ ਅਤੇ ਤਰਪਾਲਾਂ ਦਾ ਪ੍ਰਬੰਧ ਕੀਤੇ ਜਾਣ ਦੇ ਕੀਤੇ ਜਾ ਰਹੇ ਦਾਅਵੇ ਅਸਲੀਅਤ ਤੋਂ ਕੋਹਾਂ ਦੂਰ ਹਨ। ਐਡਵੋਕੇਟ ਖੇੜੀ ਨੇ ਕਿਹਾ ਕਿ ਹੜ੍ਹ ਪੀੜਤ ਲੋਕਾਂ ਨੂੰ ਬਿਪਤਾ ਮੌਕੇ ਲੋੜੀਂਦੀ ਮਦਦ ਦੇਣ 'ਚ ਪੰਜਾਬ ਸਰਕਾਰ ਬਿਲਕੁਲ ਫ਼ੇਲ੍ਹ ਸਾਬਤ ਹੋ ਕੇ ਰਹਿ ਗਈ ਹੈ। ਪੀੜਤ ਗ਼ਰੀਬ ਵਿਚਾਰੇ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ। ਇਸ ਮੌਕੇ ਪੀੜਤ ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾਂ ਜਦੋਂ ਕੰਟਰੋਲ ਰੂਮ 'ਤੇ ਤਰਪਾਲਾਂ ਲੈਣ ਲਈ ਪਹੁੰਚੇ ਤਾਂ ਕੋਈ ਵੀ ਅਧਿਕਾਰੀ ਨਹੀਂ ਮਿਲਿਆ ਤੇ ਜਦੋਂ ਕੰਟਰੋਲ ਰੂਮ ਦੇ ਲਿਖੇ ਫ਼ੋਨ ਨੰਬਰ 'ਤੇ ਸੰਪਰਕ ਕਰ ਕੇ ਤਰਪਾਲਾਂ ਦੀ ਮੰਗ ਕੀਤੀ ਤਾਂ ਅੱਗੋਂ ਜਵਾਬ ਮਿਲਿਆ ਕਿ ਉਨ੍ਹਾਂ ਕੋਲ ਕੋਈ ਤਰਪਾਲਾਂ ਨਹੀਂ ਹਨ। ਉਨ੍ਹਾਂ ਦਾ ਤਾਂ ਆਪਣਾ ਦਫ਼ਤਰ ਵੀ ਮੀਂਹ ਨਾਲ ਚੋਅ ਰਿਹਾ ਹੈ। ਗ਼ਰੀਬ ਮਜ਼ਦੂਰ ਪਰਿਵਾਰਾਂ ਦਾ ਕਹਿਣਾ ਹੈ ਕਿ ਇਸ ਬਿਪਤਾ ਦੀ ਘੜੀ 'ਚ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਪੀੜਤਾਂ ਦੀ ਬਾਂਹ ਨਹੀਂ ਫੜੀ। ਐਡਵੋਕੇਟ ਖੇੜੀ ਨੇ ਦੁਕਾਨਦਾਰਾਂ ਵਲੋਂ ਤਰਪਾਲਾਂ ਦੇ ਰੇਟ ਵੱਧ ਵਸੂਲ ਕੀਤੇ ਜਾਣ ਦੀ ਨਿੰਦਾ ਕਰਦਿਆਂ ਇਸ ਸਬੰਧੀ ਡੀ.ਸੀ. ਬਰਨਾਲਾ ਤੋਂ ਤੁਰੰਤ ਧਿਆਨ ਦੀ ਮੰਗ ਕੀਤੀ। ਇਸ ਮੌਕੇ ਪ੍ਰਧਾਨ ਸਤਵੰਤ ਸਿੰਘ ਚੁਹਾਣਕੇ, ਦਰਸ਼ਨ ਸਿੰਘ ਧਾਲੀਵਾਲ, ਹਰਦੀਪ ਸਿੰਘ, ਮਹਿਤਾਬ ਸਿੰਘ, ਗੁਰਮੇਲ ਸਿੰਘ, ਜਸਵਿੰਦਰ ਸਿੰਘ, ਕੁਲਦੀਪ ਸਿੰਘ ਕਲਾਲ ਮਾਜਰਾ ਆਦਿ ਹਾਜ਼ਰ ਸਨ।