ਕੁਝ ਚੰਗੇ ਅਧਿਕਾਰੀਆਂ ਕਰਕੇ ਨਿਗਮ ਤਰੱਕੀ ਦੀ ਰਾਹ ਤੇ
ਪਟਿਆਲਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਾਸ ਨਿਰਦੇਸ਼ ਮੁਤਾਬਿਕ ਕਰਪਸ਼ਨ ਮੁਕਤ ਪੰਜਾਬ ਬਣਾਉਣ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ। ਇਹ ਪ੍ਰਗਟਾਵਾ ਨਗਰ ਨਿਗਮ ਮੇਅਰ ਕੁੰਦਨ ਗੋਗੀਆ ਨੇ ਨਿਗਮ ਵਿੱਚ ਹੋਏ ਕਰੋੜਾਂ ਦੇ ਹਿਸਾਬ ਦੀ ਜਵਾਬਦੇਹੀ ਨਾ ਦੇਣ ਕਾਰਨ ਆਪਣੇ ਹੀ ਅਧਿਕਾਰੀਆ ਖਿਲਾਫ ਵਿਜੀਲੈਂਸ ਦਫ਼ਤਰ ਸ਼ਿਕਾਇਤ ਦੇਣ ਮਗਰੋਂ ਕੀਤਾ। ਦੱਸ ਦੇਈਏ ਕਿ ਪਟਿਆਲਾ ਨਗਰ ਨਿਗਮ ਵਿੱਚ ਅਧਿਕਾਰੀਆਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਹਾਲਾਤ ਗੰਭੀਰ ਚੱਲ ਰਹੇ ਹਨ। ਮੇਅਰ ਕੁੰਦਨ ਗੋਗੀਆ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਕੁਝ ਚੰਗੇ ਅਧਿਕਾਰੀਆਂ ਕਰਕੇ ਨਗਰ ਨਿਗਮ ਤਰੱਕੀ ਦੀ ਰਾਹ ਤੇ ਹੈ, ਨਹੀ ਤਾਂ ਕੁਝ ਕਰਪਸ਼ਨ ਕਰਨ ਵਾਲੇ ਅਧਿਕਾਰੀਆ ਨੇ ਨਗਰ ਨਿਗਮ ਨੂੰ ਪਹੀਏ ਲਗਾ ਕੇ ਕਦੋਂ ਦਾ ਕਿਤੇ ਹੋਰ ਹੀ ਲੈ ਜਾਣਾ ਸੀ। ਮੇਅਰ ਕੁੰਦਨ ਗੋਗੀਆ ਨੇ ਸਪਸ਼ਟ ਕੀਤਾ ਹੈ ਕਿ ਹੁਣ ਨਿਗਮ ਦੇ ਅੰਦਰ ਲਾਪਰਵਾਹ ਤੇ ਭ੍ਰਿਸ਼ਟਾਚਾਰੀ ਅਧਿਕਾਰੀਆਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਉਹ ਖ਼ੁਦ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਕੋਲ ਪਹੁੰਚੇ ਹਨ ਅਤੇ ਰਿਪੋਰਟ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ ਹੈ। ਇਸਦੇ ਨਾਲ ਹੀ ਮੇਅਰ ਗੋਗੀਆ ਨੇ ਕੁਝ ਇਮਾਨਦਾਰ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਜੇ ਅੱਜ ਨਿਗਮ ਤਰੱਕੀ ਦੀ ਰਾਹ 'ਤੇ ਹੈ ਤਾਂ ਇਸਦਾ ਸਿਹਰਾ ਕੁਝ ਚੰਗੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜਾਂਦਾ ਹੈ ਜੋ ਆਪਣਾ ਫਰਜ਼ ਇਮਾਨਦਾਰੀ ਨਾਲ ਨਿਭਾ ਰਹੇ ਹਨ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਕਿਹਾ ਕਿ ਹੁਣ ਨਿਗਮ ਵਿੱਚ ਭ੍ਰਿਸ਼ਟਾਚਾਰ ਜਾਂ ਮਨਮਾਨੀ ਕਰਨ ਵਾਲਿਆਂ ਦੇ ਦਿਨ ਮੁਕਣ ਵਾਲੇ ਹਨ। ਲੋਕਾਂ ਦੇ ਹੱਕਾਂ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ। ਅਖੀਰ ਵਿੱਚ ਮੇਅਰ ਕੁੰਦਨ ਗੋਗੀਆ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪਟਿਆਲਾ ਦਾ ਭਵਿੱਖ ਸੁਰੱਖਿਅਤ ਹੱਥਾਂ ਵਿੱਚ ਹੈ। "ਮੇਰਾ ਵਾਅਦਾ ਹੈ ਕਿ ਨਿਗਮ ਦੇ ਹਰ ਪੈਸੇ ਦਾ ਹਿਸਾਬ ਹੋਵੇਗਾ ਅਤੇ ਉਹ ਪੈਸਾ ਸਿਰਫ਼ ਸ਼ਹਿਰ ਦੇ ਵਿਕਾਸ 'ਤੇ ਖਰਚ ਕੀਤਾ ਜਾਵੇਗਾ। ਇਸ ਮੌਕੇ ਐਮਸੀ ਮਨਦੀਪ ਸਿੰਘ ਵਿਰਦੀ, ਐਮਸੀ ਮੋਹਿਤ ਕੁਕਰੇਜਾ, ਐਮਸੀ ਗਿਆਨ ਚੰਦ, ਐਮਸੀ ਹਰੀ ਭਜਨ ਯਾਦਵ, ਬਲਾਕ ਪ੍ਰਧਾਨ ਸੁਸ਼ੀਲ ਮਿੱਡਾ, ਸਰਬਦੀਪ ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।