ਲਾਲੜੂ : ਬੀਤੇ ਹਫਤੇ ਝਰਮਲ ਨਦੀ ਵਿੱਚ ਤੇਜ਼ ਵਹਾਅ ਦੀ ਲਪੇਟ ਵਿੱਚ ਆਏ ਕਿਸਾਨ ਜਨਕ ਰਾਜ ਦੇ ਪਰਿਵਾਰ ਨੂੰ ਅੱਜ ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਦੇ ਯਤਨਾ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁਦਰਤੀ ਆਫ਼ਤ ਪ੍ਰਬੰਧਨ ਤਹਿਤ 4 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਕਰ ਦਿੱਤੀ ਗਈ।
ਐਸ ਡੀ ਐਮ, ਡੇਰਾਬੱਸੀ ਅਮਿਤ ਗੁਪਤਾ ਨੇ ਦੱਸਿਆ ਕਿ ਕਿ ਜਨਕ ਰਾਜ ਦੀ ਮੌਤ ਤੋਂ ਬਾਅਦ ਸਬ ਡਿਵੀਜ਼ਨ ਪ੍ਰਸ਼ਾਸਨ ਵੱਲੋਂ ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁਆਵਜ਼ੇ ਲਈ ਇਹ ਕੇਸ ਭੇਜਿਆ ਗਿਆ ਸੀ, ਜਿਸ 'ਤੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਮਾਨਵੀ ਅਧਾਰ 'ਤੇ ਤੁਰੰਤ ਫੈਸਲਾ ਲੈਂਦੇ ਹੋਏ, ਅੱਜ ਇਹ ਚਾਰ ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਕਰ ਦਿੱਤੀ ਗਈ।
ਉਹਨਾਂ ਦੱਸਿਆ ਕਿ ਇਹ ਮੁਆਵਜ਼ਾ ਰਾਸ਼ੀ ਮ੍ਰਿਤਕ ਜਨਕ ਰਾਜ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਅਤੇ ਸਰਕਾਰ ਵੱਲੋਂ ਹੋਰ ਵੀ ਕੋਈ ਜੇਕਰ ਮਦਦ ਭੇਜੀ ਜਾਂਦੀ ਹੈ ਤਾਂ ਉਹ ਵੀ ਪਰਿਵਾਰ ਤੱਕ ਪਹੁੰਚਦੀ ਕੀਤੀ ਜਾਵੇਗੀ।
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਜ਼ਿਲਾ ਪ੍ਰਸ਼ਾਸਨ ਅਤੇ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਨਾਲ ਮੁਸ਼ਕਿਲ ਦੀ ਘੜੀ ਵਿੱਚ ਮਜ਼ਬੂਤੀ ਨਾਲ ਖੜ੍ਹੇ ਹੋਣ ਲਈ ਜਿੱਥੇ ਧੰਨਵਾਦ ਪ੍ਰਗਟਾਇਆ ਹੈ, ਉੱਥੇ ਲਾਲੜੂ ਦੇ ਇਸ ਪੀੜਿਤ ਪਰਿਵਾਰ ਨੂੰ ਇਹ ਵੀ ਆਸ ਬੰਨ੍ਹਾਈ ਹੈ ਕਿ ਜੇਕਰ ਸੰਭਵ ਹੋ ਸਕਿਆ ਤਾਂ ਪਰਿਵਾਰ ਦੇ ਕਿਸੇ ਜੀਅ ਲਈ ਰੋਜ਼ਗਾਰ ਦਾ ਪ੍ਰਬੰਧ ਵੀ ਕੀਤਾ ਜਾਵੇਗਾ।