ਮਹਿਲ ਕਲਾਂ : ਪੰਜਾਬ ਦੇ ਕਈ ਇਲਾਕੇ ਇਸ ਵੇਲੇ ਹੜ੍ਹ ਦੀ ਮਾਰ ਝੱਲ ਰਹੇ ਹਨ। ਘਰ, ਖੇਤ, ਪਸ਼ੂ ਧਨ – ਸਭ ਕੁਝ ਪਾਣੀਆਂ ਵਿੱਚ ਤਬਾਹ ਹੋ ਰਿਹਾ ਹੈ। ਲੋਕ ਬੇਘਰ ਹੋ ਕੇ ਖੁੱਲ੍ਹੇ ਆਕਾਸ਼ ਹੇਠ ਬੈਠਣ ਲਈ ਮਜਬੂਰ ਹਨ। ਇਸ ਗੰਭੀਰ ਸਥਿਤੀ ਵਿੱਚ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿਸਟਰਡ 295) ਨੇ ਸੱਤਵੇਂ ਦਿਨ ਵੀ ਆਪਣਾ ਫਰਜ਼ ਨਿਭਾਉਂਦੇ ਹੋਏ ਹੜ੍ਹ ਪੀੜਤ ਲੋਕਾਂ ਲਈ ਜੀਰਾ ਹਲਕੇ ਤੇ ਹਰੀਕੇ ਪੱਤਣ ਦੇ ਇਲਾਕਿਆਂ ਵਿੱਚ ਫਰੀ ਮੈਡੀਕਲ ਕੈਂਪ ਲਗਾਏ। ਸੂਬਾ ਪ੍ਰੈੱਸ ਮੀਡੀਆ ਇਨਚਾਰਜ ਪੰਜਾਬ ਡਾਕਟਰ ਮਿੱਠੂ ਮੁਹੰਮਦ ਮਹਲ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੀ ਇਹ ਮੁਹਿੰਮ ਸੂਬਾ ਸਰਪਰਸਤ ਡਾ. ਬਲਕਾਰ ਸਿੰਘ ਪਟਿਆਲਾ ਦੀ ਅਗਵਾਈ ਹੇਠ ਚਲਾਈ ਗਈ। ਉਨ੍ਹਾਂ ਨੇ ਦੱਸਿਆ ਕਿ ਡਾਕਟਰ ਹਾਕਮ ਸਿੰਘ ਵਾਈਸ ਪ੍ਰੈਸੀਡੈਂਟ ਪੰਜਾਬ, ਡਾਕਟਰ ਬਲਜਿੰਦਰ ਸਿੰਘ ਸੂਬਾ ਕਮੇਟੀ ਮੈਂਬਰ, ਡਾਕਟਰ ਰਾਮ ਚੰਦਰ ਪਟਿਆਲਾ, ਡਾਕਟਰ ਰੋਸ਼ਨ ਸਿੰਘ ਪਟਿਆਲਾ, ਡਾਕਟਰ ਸੁਰੇਸ਼ ਕੁਮਾਰ ਪਟਿਆਲਾ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਡੂੰਘੇ ਪਾਣੀਆਂ ਵਿੱਚੋਂ ਕਿਸ਼ਤੀਆਂ ਤੇ ਬੇੜੀਆਂ ਰਾਹੀਂ ਗੁਜ਼ਰ ਕੇ ਲੋਕਾਂ ਦੇ ਘਰਾਂ ਤੇ ਪਿੰਡਾਂ ਤੱਕ ਪਹੁੰਚ ਕੀਤੀ। ਮੈਡੀਕਲ ਐਸੋਸੀਏਸ਼ਨ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕੀਤੀ ਜਾ ਰਹੀ ਇਹ ਨਿਸ਼ਕਾਮ ਸੇਵਾ ਲੋਕਾਂ ਲਈ ਸਿਰਫ਼ ਸਿਹਤ ਸੇਵਾ ਨਹੀਂ, ਸਗੋਂ ਉਮੀਦ ਦੀ ਇੱਕ ਨਵੀਂ ਕਿਰਣ ਹੈ। ਜਿੱਥੇ ਲੋਕ ਆਪਣੇ ਘਰ, ਖੇਤ ਤੇ ਸਹਾਰਾ ਗੁਆ ਬੈਠੇ ਹਨ, ਉਥੇ ਇਹ ਡਾਕਟਰ ਉਨ੍ਹਾਂ ਦੇ ਦਿਲਾਂ ਵਿੱਚ ਹੌਸਲਾ, ਭਰੋਸਾ ਅਤੇ ਜੀਊਣ ਦੀ ਤਾਕਤ ਭਰ ਰਹੇ ਹਨ।