ਕੁਰਾਲੀ : ਪੰਜਾਬ ਰਾਜ ਗਤਕਾ ਐਸੋਸੀਏਸ਼ਨ ਵੱਲੋਂ ਜੂਨੀਅਰ ਅਤੇ ਸੀਨੀਅਰ ਗਤਕਾ ਚੈਂਪੀਅਨਸ਼ਿਪ ਸ੍ਰੀ ਅਨੰਦਪੁਰ ਸਾਹਿਬ ਅਤੇ ਫਤਹਿਗੜ੍ਹ ਸਾਹਿਬ ਵਿਖੇ ਆਯੋਜਿਤ ਕੀਤੀਆਂ ਗਈਆਂ। ਇਸ ਵਿੱਚ ਕੁਰਾਲੀ ਦੀ ਖਾਲਸਾ ਅਕਾਲ ਪੁਰਖ ਕੀ ਫੌਜ ਗਤਕਾ ਅਖਾੜਾ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਹਾਸਲ ਕਰਕੇ ਖੇਤਰ ਦਾ ਨਾਮ ਰੋਸ਼ਨ ਕੀਤਾ। ਅੱਜ ਇਨ੍ਹਾਂ ਜੈਤੂ ਖਿਡਾਰੀਆਂ ਦੇ ਸਨਮਾਨ ਲਈ ਕੁਰਾਲੀ ਦੇ ਖੇਡ ਸਟੇਡੀਅਮ ਵਿੱਚ ਇੱਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਦੀ ਅਗਵਾਈ ਏਐਸਆਈ ਤਿਲਕ ਰਾਜ ਅਤੇ ਸਮਾਜ ਸੇਵੀਆਂ ਵੱਲੋਂ ਕੀਤੀ ਗਈ। ਇਸ ਮੌਕੇ ਕੈਨੇਡਾ ਤੋਂ ਪਹੁੰਚੇ ਜਗਦੀਸ਼ ਸਿੰਘ ਖਾਲਸਾ ਅਤੇ ਦਿਲਜੀਤ ਸਿੰਘ ਖਾਲਸਾ ਨੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਚਮਕਦੇ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟਾਈਆਂ। ਅਖਾੜੇ ਦੇ ਇੰਚਾਰਜ ਰਘੁਬੀਰ ਸਿੰਘ ਅਤੇ ਕੋਚ ਹਰਮਨਜੋਤ ਸਿੰਘ ਨੇ ਬੱਚਿਆਂ ਵੱਲੋਂ ਦਰਜ ਕੀਤੀਆਂ ਜਿੱਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸੇ ਦੌਰਾਨ ਫਿਜ਼ੀਕਲ ਕੋਚ ਗੁਰਵਿੰਦਰ ਸਿੰਘ ਨੇ ਖਿਡਾਰੀਆਂ ਦੀ ਸਖ਼ਤ ਮਿਹਨਤ ਤੇ ਅਨੁਸ਼ਾਸਨ ਦੀ ਭੂਮਿਕਾ ਉਜਾਗਰ ਕੀਤੀ। ਬੱਚਿਆਂ ਦੇ ਮਾਪਿਆਂ ਨੇ ਵੀ ਉਸਤਾਦਾਂ ਦੀ ਦੱਸੀ ਸਖ਼ਤ ਮਿਹਨਤ ਅਤੇ ਸਮਰਪਣ ਨੂੰ ਹੀ ਜਿੱਤਾਂ ਦਾ ਅਸਲ ਕਾਰਨ ਕਰਾਰ ਦਿੱਤਾ।
ਸਮਾਰੋਹ ਦੌਰਾਨ ਸੁੱਖਜਿੰਦਰ ਸਿੰਘ ਫੌਜੀ, ਵਿਕਾਸ ਕੁਮਾਰ, ਸੰਜੀਵ ਕੁਮਾਰ, ਜਗਦੀਪ ਸਿੰਘ, ਹਰਮਨਜੋਤ ਸਿੰਘ ਨੇਰੀ, ਹਰਮੀਤ ਸਿੰਘ ਭਾਗੋਮਾਜਰਾ ਅਤੇ ਫੁੱਟਬਾਲ ਕੋਚ ਜਸਮੀਤ
ਸਿੰਘ ਨੇ ਵੀ ਜੈਤੂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।