ਪਟਿਆਲਾ : ਪਟਿਆਲਾ ਰੂਰਲ ਦੇ ਕਾਂਗਰਸੀ ਅਤੇ ਯੂਥ ਆਗੂ ਪੰਜਾਬ ਮੋਹਿਤ ਮਹਿੰਦਰਾ ਨੇ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦਿਆਂ ਕਿਹਾ ਕਿ ਲੋਕਾਂ ਦੇ ਦੁੱਖ-ਦਰਦ ਨੂੰ ਸਿਰਫ਼ ਬਿਆਨਾਂ ਨਾਲ ਨਹੀਂ, ਬਲਕਿ ਮੈਦਾਨੀ ਪੱਧਰ ’ਤੇ ਉਨ੍ਹਾਂ ਨਾਲ ਖੜ੍ਹ ਕੇ ਹੀ ਘਟਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਅਤੇ ਕਸਬਿਆਂ ਵਿੱਚ ਹੜ੍ਹ ਕਾਰਨ ਨੁਕਸਾਨ ਹੋਇਆ ਹੈ, ਉੱਥੇ ਉਹ ਅਤੇ ਉਨ੍ਹਾਂ ਦੀ ਟੀਮ ਨਿਰੰਤਰ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ। ਮੋਹਿਤ ਮਹਿੰਦਰਾ ਨੇ ਕਿਹਾ ਕਿ ਹੜ੍ਹ ਦੀ ਮਾਰ ਸਹਿ ਰਹੇ ਲੋਕਾਂ ਲਈ ਤੁਰੰਤ ਸਹਾਇਤਾ ਪਹੁੰਚਾਉਣਾ ਸਭ ਤੋਂ ਵੱਡੀ ਲੋੜ ਹੈ। ਇਸ ਲਈ ਉਹ ਖੁਦ ਜ਼ਮੀਨੀ ਹਾਲਾਤ ਵੇਖ ਰਹੇ ਹਨ ਅਤੇ ਲੋਕਾਂ ਦੀਆਂ ਅਸਲੀ ਲੋੜਾਂ ਨੂੰ ਸਮਝ ਕੇ ਮਦਦ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਆਗੂ ਸਿਰਫ਼ ਅਖਬਾਰਾਂ ਤੇ ਸੋਸ਼ਲ ਮੀਡੀਆ ਵਿੱਚ ਬਿਆਨ ਦੇ ਕੇ ਆਪਣਾ ਚਿਹਰਾ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਅਸਲ ਲੀਡਰਸ਼ਿਪ ਉਹੀ ਹੈ ਜੋ ਲੋਕਾਂ ਦੇ ਨਾਲ ਦੁੱਖ-ਸੁਖ ਵਿੱਚ ਖੜ੍ਹੀ ਰਹੇ। ਮੋਹਿਤ ਮਹਿੰਦਰਾ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਸ਼ਕਲ ਘੜੀ ਵਿੱਚ ਲੋਕਾਂ ਦੀ ਸੇਵਾ ਨੂੰ ਆਪਣਾ ਧਰਮ ਸਮਝਣ। ਉਨ੍ਹਾਂ ਨੇ ਕਿਹਾ ਕਿ ਹੜ੍ਹ ਦੀ ਤਬਾਹੀ ਤੋਂ ਬਾਅਦ ਲੋਕਾਂ ਨੂੰ ਹੌਸਲੇ ਦੀ ਲੋੜ ਹੈ ਅਤੇ ਇਹ ਹੌਸਲਾ ਕੇਵਲ ਉਨ੍ਹਾਂ ਦੀ ਸਾਥੀਭਾਵਨਾ ਨਾਲ ਹੀ ਮਿਲ ਸਕਦਾ ਹੈ।