ਪ੍ਰਚੂਨ ਕਾਰੋਬਾਰੀ ਸੜਕ ਤੇ ਫੜੀਆਂ ਲਾਉਣ ਲਈ ਹੋਏ ਮਜਬੂਰ
ਸੜਕ ਤੇ ਭੀੜ ਕਾਰਨ ਹਾਦਸੇ ਵਾਪਰਨ ਦਾ ਬਣਿਆ ਡਰ
ਪਾਣੀ ਨਿਕਾਸੀ ਲਈ ਲਗਾਤਾਰ ਚੱਲ ਰਹੀਆਂ ਦੋ ਮੋਟਰਾਂ : ਸੈਕਟਰੀ
ਸੁਨਾਮ : ਭਾਦੋਂ ਦੇ ਮਹੀਨੇ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਸੁਨਾਮ ਦੀ ਮੁੱਖ ਸਬਜ਼ੀ ਮੰਡੀ ਨੇ ਝੀਲ ਦਾ ਰੂਪ ਧਾਰਿਆ ਹੋਇਆ ਹੈ। ਪ੍ਰਚੂਨ ਵਿੱਚ ਸਬਜ਼ੀਆਂ ਅਤੇ ਫਲ ਵੇਚਣ ਵਾਲੇ ਦੁਕਾਨਦਾਰਾਂ ਨੂੰ ਬੇਵੱਸ ਹੋਕੇ ਸੜਕ ਕਿਨਾਰੇ ਫੜੀਆਂ ਰੇਹੜੀਆਂ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸੜਕ ਤੇ ਖਰੀਦਦਾਰਾਂ ਦੀ ਭੀੜ ਹੋਣ ਕਰਕੇ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਸੁਨਾਮ ਵਿਖੇ ਲੰਘੀ ਰਾਤ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਸੁਨਾਮ ਦੀ ਮੁੱਖ ਸਬਜ਼ੀ ਮੰਡੀ ਮੀਂਹ ਦੇ ਪਾਣੀ ਨਾਲ ਨੱਕੋ ਨੱਕ ਭਰ ਗਈ ਹੈ ਜਿਸ ਕਾਰਨ ਸਬਜ਼ੀ ਖਰੀਦਣ ਆਉਣ ਵਾਲਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਚੂਨ ਵਿੱਚ ਸਬਜ਼ੀਆਂ ਅਤੇ ਫਲ ਵੇਚਣ ਵਾਲੇ ਦੁਕਾਨਦਾਰਾਂ ਨੂੰ ਸਬਜ਼ੀ ਮੰਡੀ ਦੇ ਸਾਹਮਣੇ ਸਟੇਡੀਅਮ ਰੋਡ ਤੋਂ ਜਾਖਲ ਰੋਡ ਨੂੰ ਮਿਲਾਉਂਦੀ ਸੜਕ ਤੇ ਰੇਹੜੀਆਂ ਫੜੀਆਂ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸੜਕ ਕਿਨਾਰੇ ਲੱਗੀਆਂ ਰੇਹੜੀਆਂ ਤੋਂ ਖ਼ਰੀਦਦਾਰੀ ਕਰਨ ਸਮੇਂ ਉੱਥੋਂ ਲੰਘਣ ਵਾਲੇ ਤੇਜ਼ ਰਫ਼ਤਾਰ ਵਾਹਨਾਂ ਕਾਰਨ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਸੁਨਾਮ ਦੇ ਵਸਿੰਦਿਆਂ ਭੋਲਾ ਸਿੰਘ, ਸੁਖਦੇਵ ਸਿੰਘ, ਹਰੀ ਰਾਮ ਅਤੇ ਹੋਰਨਾਂ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਸਬਜ਼ੀ ਮੰਡੀ ਵਿੱਚੋਂ ਖੜ੍ਹਾ ਪਾਣੀ ਨਾ ਕੱਢੇ ਜਾਣ ਕਾਰਨ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਲਗਾਤਾਰ ਪਾਣੀ ਖੜ੍ਹਾ ਰਹਿਣ ਕਰਕੇ ਗੰਭੀਰ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਆਖਿਆ ਕਿ ਸੂਬੇ ਦੀ ਸਰਕਾਰ ਵੱਲੋਂ ਵਿਕਾਸ ਕਾਰਜਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਜਦਕਿ ਅਸਲ ਹਕੀਕਤ ਕੁੱਝ ਹੋਰ ਬਿਆਨ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਸਬਜ਼ੀ ਮੰਡੀ ਵਿੱਚ ਪਾਣੀ ਖੜ੍ਹਨ ਤੋਂ ਰੋਕਣ ਲਈ ਉਪਰਾਲੇ ਕਰਨ ਨੂੰ ਯਕੀਨੀ ਬਣਾਵੇ।
** ਡੱਬੀ
** ਜਦੋਂ ਇਸ ਸਬੰਧੀ ਮਾਰਕਿਟ ਕਮੇਟੀ ਸੁਨਾਮ ਦੇ ਸੈਕਟਰੀ ਨਰਿੰਦਰਪਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲਗਾਤਾਰ ਮੀਂਹ ਪੈਣ ਕਾਰਨ ਸਬਜ਼ੀ ਮੰਡੀ ਵਿੱਚ ਪਾਣੀ ਖੜ੍ਹ ਜਾਂਦਾ ਹੈ । ਮੀਂਹ ਦਾ ਪਾਣੀ ਕੱਢਣ ਲਈ ਲਗਾਤਾਰ ਦੋ ਮੋਟਰਾਂ ਚੱਲਦੀਆਂ ਹਨ। ਉਨ੍ਹਾਂ ਦੱਸਿਆ ਕਿ ਸਬਜ਼ੀ ਮੰਡੀ ਦੇ ਦੁਆਲੇ ਵਾਲੀਆਂ ਸੜਕਾਂ ਜਾਖਲ ਰੋਡ, ਸਟੇਡੀਅਮ ਰੋਡ ਤੇ ਰੇਲਵੇ ਲਾਈਨ ਦਾ ਪੱਧਰ ਉੱਚਾ ਹੋਣ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਕੁਦਰਤੀ ਨਹੀਂ ਹੋ ਰਹੀ ਜਿਸ ਕਾਰਨ ਸਬਜ਼ੀ ਮੰਡੀ ਵਿੱਚ ਬਰਸਾਤੀ ਪਾਣੀ ਜਮ੍ਹਾਂ ਹੋ ਜਾਂਦਾ ਹੈ। ਮੋਟਰਾਂ ਚਲਾਕੇ ਪਾਣੀ ਕੱਢਿਆ ਜਾਂਦਾ ਹੈ।