ਏ.ਡੀ.ਸੀ. ਨਵਰੀਤ ਕੌਰ ਸੇਖੋਂ ਵੱਲੋਂ ਵੱਡੀ ਨਦੀ ਦਾ ਕੀਤਾ ਦੌਰਾ
ਪਟਿਆਲਾ : ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਨੇ ਅੱਜ ਵਰ੍ਹਦੇ ਮੀਂਹ 'ਚ ਵੱਡੀ ਨਦੀ ਦਾ ਦੌਰਾ ਕਰਕੇ ਚੱਲ ਰਹੇ ਸਫ਼ਾਈ ਕਾਰਜਾਂ ਸਮੇਤ ਨਦੀ 'ਚ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਵੱਡੀ ਨਦੀ ਵਿੱਚ ਪਾਣੀ ਦਾ ਪੱਧਰ ਕਾਫ਼ੀ ਘੱਟ ਹੈ ਅਤੇ ਜੋ ਬਰਸਾਤੀ ਪਾਣੀ ਆ ਰਿਹਾ ਹੈ ਉਸਨੂੰ ਅੱਗੇ ਜਾਣ ਵਿੱਚ ਕੋਈ ਰੁਕਾਵਟ ਨਹੀਂ ਤੇ ਪਾਣੀ ਆਰਾਮ ਨਾਲ ਅੱਗੇ ਲੰਘ ਰਿਹਾ ਹੈ ਅਤੇ ਇਸ ਦੇ ਇਕਦਮ ਵੱਧਣ ਦਾ ਕੋਈ ਖਦਸ਼ਾ ਨਹੀਂ ਹੈ, ਇਸ ਲਈ ਸ਼ਹਿਰ ਵਾਸੀ ਅਫ਼ਵਾਹਾਂ ਤੋਂ ਸੁਚੇਤ ਰਹਿੰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਜਾਂਦੀ ਅਧਿਕਾਰਤ ਜਾਣਕਾਰੀ 'ਤੇ ਹੀ ਵਿਸ਼ਵਾਸ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 24 ਘੰਟੇ ਜ਼ਿਲ੍ਹੇ ਦੇ ਨਦੀਆਂ/ਨਾਲਿਆਂ ਦੀ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਮੌਕੇ ਨਗਰ ਨਿਗਮ ਤੇ ਡਰੇਨੇਜ ਵਿਭਾਗ ਦੇ ਅਧਿਕਾਰੀ ਤੇ ਇਲਾਕੇ ਦੇ ਕੌਂਸਲਰ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਪਿੰਡ ਦੌਲਤਪੁਰ ਵਿਖੇ ਵੱਡੀ ਨਦੀ 'ਤੇ ਬਣ ਰਹੇ ਨਵੇਂ ਪੁੱਲ ਕਾਰਨ ਬਣਾਈ ਗਈ ਅਸਥਾਈ ਡਾਇਵਰਜ਼ਨ ਨੂੰ ਵੀ ਇਹਤਿਆਤ ਦੇ ਤੌਰ 'ਤੇ ਅਗਲੇ ਕੁਝ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਅਲਰਟ ਅਤੇ ਅਪਡੇਟ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਐਮਰਜੈਂਸੀ ਜਾਂ ਜਾਣਕਾਰੀ ਸਾਂਝੀ ਕਰਨ ਲਈ, ਜਿਲ੍ਹਾ ਨਿਵਾਸੀ ਕੰਟਰੋਲ ਰੂਮ ਨੰਬਰਾਂ: 0175-2350550 ਅਤੇ 2358550 'ਤੇ ਸੰਪਰਕ ਕਰ ਸਕਦੇ ਹਨ।