ਕੁਰਾਲੀ : ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਨੂੰ ਲੈ ਕੇ ਹਾਲ ਹੀ ਵਿੱਚ ਪਿੰਡ ਤਿਊੜ ਦੇ ਕੁਝ ਬਜ਼ੁਰਗਾਂ ਨੇ ਸੋਸ਼ਲ ਮੀਡੀਆ ਉੱਤੇ ਦਿੱਤੇ ਇੱਕ ਇੰਟਰਵਿਊ ਦੌਰਾਨ ਗੰਭੀਰ ਇਲਜ਼ਾਮ ਲਗਾਏ ਸਨ। ਇਸ ਤੋਂ ਬਾਅਦ ਵਿਧਾਇਕਾ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਉਨ੍ਹਾਂ ਬਜ਼ੁਰਗਾਂ ਨੂੰ ਆਪਣੇ ਦਫ਼ਤਰ ਬੁਲਾ ਕੇ ਮਾਫ਼ੀ ਮੰਗਵਾਈ ਗਈ, ਜੋ ਕਿ ਪੂਰੀ ਤਰ੍ਹਾਂ ਲੋਕਤੰਤਰ ਦੇ ਵਿਰੁੱਧ ਹੈ।
ਇਸ ਸਬੰਧੀ ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਜਿਵੇਂ ਅਨਮੋਲ ਗਗਨ ਮਾਨ ਨੇ ਬਜ਼ੁਰਗਾਂ ਨੂੰ ਦਬਾਅ ਹੇਠ ਮਾਫ਼ੀ ਮੰਗਣ ਲਈ ਮਜਬੂਰ ਕੀਤਾ, ਉਸੇ ਤਰ੍ਹਾਂ ਹੁਣ ਉਹ ਖੁਦ ਵੀ ਲੋਕਾਂ ਅੱਗੇ ਜਵਾਬਦੇਹ ਹਨ ਅਤੇ ਖਰੜ ਸ਼ਹਿਰ ਵਿਖੇ ਆ ਕੇ ਲੋਕਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ । ਹਰ ਰੋਜ਼ ਖਰੜ ਦੀਆਂ ਸੜਕਾਂ ਅਤੇ ਸ਼ਹਿਰ ਦੇ ਬੁਨਿਆਦੀ ਢਾਂਚੇ ਸਬੰਧੀ ਸੈਂਕੜੇ ਵੀਡੀਓਜ਼ ਅਤੇ ਪੋਸਟਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜੋ ਲੋਕਾਂ ਦੀ ਪਰੇਸ਼ਾਨੀ ਨੂੰ ਦਰਸਾਉਂਦੀਆਂ ਹਨ।
ਜੀਤੀ ਪਡਿਆਲਾ ਨੇ ਮੰਗ ਕੀਤੀ ਕਿ ਵਿਧਾਇਕਾ ਅਨਮੋਲ ਗਗਨ ਮਾਨ ਨੂੰ ਖਰੜ ਸ਼ਹਿਰ ਵਿੱਚ ਖੁਦ ਆ ਕੇ ਲੋਕਾਂ ਸਾਹਮਣੇ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ, ਕਿ ਸ਼ਹਿਰ ਦੀਆਂ ਸੜਕਾਂ, ਸਫਾਈ, ਅਤੇ ਹੋਰ ਮੁੱਢਲੇ ਮਸਲੇ ਕਿਉਂ ਹੱਲ ਨਹੀਂ ਹੋ ਰਹੇ। ਲੋਕਾਂ ਨੂੰ ਧਮਕਾ ਕੇ ਜਾਂ ਬਜ਼ੁਰਗਾਂ ਤੋਂ ਮਾਫ਼ੀ ਮੰਗਵਾ ਕੇ ਲੋਕਤੰਤਰ ਨਹੀਂ ਚਲਦਾ, ਲੋਕਤੰਤਰ ਵਿੱਚ ਚੁਣੇ ਹੋਏ ਪ੍ਰਤੀਨਿਧੀ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਬਚਨਬੱਧ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੇ ਹੱਕਾਂ ਅਤੇ ਉਨ੍ਹਾਂ ਦੀ ਆਵਾਜ਼ ਦੀ ਰੱਖਿਆ ਲਈ ਡਟ ਕੇ ਖੜ੍ਹੀ ਹੈ ਅਤੇ ਜੇਕਰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਜ਼ਿਲ੍ਹਾ ਕਾਂਗਰਸ ਕਮੇਟੀ ਵੱਡੇ ਪੱਧਰ 'ਤੇ ਆਪਣਾ ਰੋਸ ਦਰਜ ਕਰਵਾਏਗੀ।