ਸੁਨਾਮ : ਬਰਸਾਤਾਂ ਦੇ ਦਿਨਾਂ ਦੌਰਾਨ ਲੋੜੀਂਦੀਆਂ ਤਰਪਾਲਾਂ ਅਤੇ ਹੋਰ ਸਮਾਨ ਦੀ ਕਾਲਾ ਬਾਜ਼ਾਰੀ ਕਰਨ ਦੀਆਂ ਮਿਲ ਰਹੀਆਂ ਸੂਚਨਾਵਾਂ ਤੋਂ ਬਾਅਦ ਸੁਨਾਮ ਦੇ ਐਸਡੀਐਮ ਪ੍ਰਮੋਦ ਸਿੰਗਲਾ ਨੇ ਲਿਖਤੀ ਪੱਤਰ ਜਾਰੀ ਕਰਕੇ ਦੁਕਾਨਦਾਰਾਂ ਨੂੰ ਤਾੜਨਾ ਕੀਤੀ ਹੈ ਕਿ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਪ-ਮੰਡਲ ਮੈਜਿਸਟਰੇਟ, ਸੁਨਾਮ ਪ੍ਰਮੋਦ ਸਿੰਗਲਾ ਨੇ ਕਾਲਾ ਬਾਜ਼ਾਰੀ ਅਤੇ ਗੈਰ-ਕਾਨੂੰਨੀ ਲਾਭਖੋਰੀ ਸਬੰਧੀ ਹੁਕਮ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁੱਝ ਦੁਕਾਨਦਾਰ ਬਰਸਾਤ ਦੇ ਮੌਸਮ ਕਾਰਨ ਬਣੇ ਹਾਲਾਤ ਦੌਰਾਨ ਜਨਤਾ ਦੀ ਲੋੜ ਦਾ ਗਲਤ ਫਾਇਦਾ ਚੁੱਕਦੇ ਹੋਏ ਤਰਪਾਲਾਂ ਅਤੇ ਹੋਰ ਜ਼ਰੂਰੀ ਸਮਾਨ ਉੱਚੇ ਭਾਅ ’ਤੇ ਵੇਚ ਰਹੇ ਹਨ। ਇਹ ਕੰਮ ਕਾਲਾ ਬਾਜ਼ਾਰੀ ਅਤੇ ਗੈਰ-ਕਾਨੂੰਨੀ ਲਾਭ ਖੋਰੀ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਮਹਿੰਗੇ ਭਾਅ ਲਾਉਣਾ ਅਤੇ ਕਾਲਾ ਬਾਜ਼ਾਰੀ ਕਰਨਾ ਜ਼ਰੂਰੀ ਵਸਤਾਂ ਐਕਟ, 1955 (ਧਾਰਾ 3 ਅਤੇ 7), ਆਫ਼ਤ ਪ੍ਰਬੰਧਨ ਐਕਟ, 2005 (ਧਾਰਾ 34 ਅਤੇ 65), ਖਪਤਕਾਰ ਪ੍ਰੋਟੈਕਸ਼ਨ ਐਕਟ 2019 (ਧਾਰਾ 2(9) ਅਤੇ 2(47)) ਅਧੀਨ ਸਜ਼ਾਯੋਗ ਅਪਰਾਧ ਹਨ। ਜਿਹੜਾ ਦੁਕਾਨਦਾਰ/ਵਿਕਰੇਤਾ ਦੋਸ਼ੀ ਪਾਇਆ ਗਿਆ, ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ ਵਿੱਚ ਦੁਕਾਨ ਸੀਲ ਕਰਨਾ, ਲਾਇਸੈਂਸ ਰੱਦ ਕਰਨਾ, ਜੁਰਮਾਨਾ ਤੇ ਮੁਕੱਦਮਾ ਦਰਜ ਕਰਨਾ ਸ਼ਾਮਲ ਹੋਵੇਗਾ। ਐਸਡੀਐਮ ਸਿੰਗਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਮਹਿੰਗੇ ਭਾਅ ਲਾਏ ਜਾਣ ਜਾਂ ਕਾਲਾ ਬਾਜ਼ਾਰੀ ਦੀ ਘਟਨਾ ਸਾਹਮਣੇ ਆਵੇ ਤਾਂ ਉਸਦੀ ਸੂਚਨਾ ਤੁਰੰਤ ਐੱਸ.ਡੀ.ਐਮ. ਦਫਤਰ ਵਿਖੇ ਦਿੱਤੀ ਜਾਵੇ। ਉਨ੍ਹਾਂ ਆਖਿਆ ਕਿ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਮੌਜੂਦਾ ਹਾਲਾਤ ਦੌਰਾਨ ਲੋਕਾਂ ਨੂੰ ਜ਼ਰੂਰੀ ਸਮਾਨ ਠੀਕ ਠਾਕ ਅਤੇ ਵਾਜ਼ਬ ਭਾਅ ’ਤੇ ਉਪਲਬਧ ਰਹੇ।