ਬਰਨਾਲਾ : ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਵਾਪਰੀਆਂ ਘਟਨਾਵਾਂ ਕਾਰਨ ਤਪਾ ਮੰਡੀ ਦੀ ਵਸਨੀਕ ਇੱਕ ਔਰਤ ਅਤੇ ਇੱਕ ਨਾਬਾਲਗ ਲੜਕੇ ਦੀ ਮੌਤ ਹੋ ਗਈ ਸੀ। ਹਲਕਾ ਵਿਧਾਇਕ ਸ. ਲਾਭ ਸਿੰਘ ਉੱਗੋਕੇ ਵਲੋਂ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਮੁਆਵਜ਼ਾ ਜਾਰੀ ਕਰਵਾਇਆ ਗਿਆ ਅਤੇ ਅੱਜ ਦੋਵਾਂ ਪਰਿਵਾਰਾਂ ਲਈ ਜਾਰੀ ਮੁਆਵਜ਼ਾ ਰਾਸ਼ੀ ਦੇ ਚੈੱਕ ਮ੍ਰਿਤਕਾਂ ਦੇ ਵਾਰਸਾਂ ਨੂੰ ਘਰ ਜਾ ਕੇ ਸੌਂਪੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਸ. ਲਾਭ ਸਿੰਘ ਉੱਗੋਕੇ ਨੇ ਦੱਸਿਆ ਕਿ ਪਹਿਲੀ ਦੁਖਦਾਇਕ ਘਟਨਾ ਵਿੱਚ ਮਜ਼ਦੂਰ ਔਰਤ ਸੋਨੀਆ ਪਤਨੀ ਸੋਨੂੰ ਵਾਸੀ ਪਿਆਰਾ ਲਾਲ ਬਸਤੀ ਵਾਰਡ ਨੰਬਰ 2 ਤਪਾ ਮੰਡੀ ਦੀ ਘਰ ਦੀ ਛੱਤ ਹੇਠਾਂ ਆਉਣ ਕਾਰਨ ਮੌਤ ਹੋ ਗਈ ਸੀ ਅਤੇ ਇਸ ਪਰਿਵਾਰ ਲਈ ਓਨ੍ਹਾਂ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੁਆਵਜ਼ਾ ਰਾਸ਼ੀ ਲਈ ਕੀਤੀ ਗਈ ਬੇਨਤੀ ਨੂੰ ਮਨਜ਼ੂਰ ਕਰਦੇ ਹੋਏ ਡਿਪਟੀ ਕਮਿਸ਼ਨਰ ਦਫ਼ਤਰ ਬਰਨਾਲਾ ਰਾਹੀਂ ਭੇਜੇ ਗਏ ਕੇਸ ਤਹਿਤ ਉਕਤ ਔਰਤ ਨੂੰ 4 ਲੱਖ ਰੁਪਏ ਮੁਆਵਜ਼ਾ ਰਾਸ਼ੀ ਅਤੇ 1 ਲੱਖ ਅੱਸੀ ਹਜ਼ਾਰ ਰੁਪਏ ਮਕਾਨ ਦੀ ਉਸਾਰੀ ਲਈ ਦਿੱਤੇ ਗਏ। ਇਸੇ ਤਰ੍ਹਾਂ ਦੂਜੀ ਘਟਨਾ ਵਿੱਚ ਮੀਂਹ ਕਾਰਨ ਲੋਹੇ ਦੇ ਗੇਟ ਵਿੱਚ ਆਏ ਕਰੰਟ ਕਾਰਨ ਨਾਬਾਲਗ ਲੜਕੇ ਮ੍ਰਿਤਕ ਦੇਵਜੀਤ ਪੁੱਤਰ ਸ਼੍ਰੀਮਤੀ ਬੰਤੀ ਦੇਵੀ ਵਾਸੀ ਪਿਆਰਾ ਲਾਲ ਬਸਤੀ ਵਾਰਡ ਨੰਬਰ 01 ਤਪਾ ਮੰਡੀ ਦੀ ਹੋਈ ਮੌਤ ਦਾ 4 ਲੱਖ ਰੁਪਏ ਮੁਆਵਜ਼ਾ ਉਸਦੇ ਵਾਰਸਾਂ ਨੂੰ ਦਿੱਤਾ ਗਿਆ। ਓਨ੍ਹਾਂ ਦੱਸਿਆ ਕਿ ਦੋਵੇਂ ਪਰਿਵਾਰਾਂ ਨੂੰ ਮਾਨਯੋਗ ਮੁੱਖ ਮੰਤਰੀ ਵੱਲੋਂ ਕੁਦਰਤੀ ਆਫ਼ਤਾਂ ਪ੍ਰਬੰਧਨ ਤਹਿਤ ਐਨ.ਡੀ. ਆਰ. ਐਫ. ਸਕੀਮ ਅਧੀਨ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਗਈ ਹੈ। ਵਿਧਾਇਕ ਉੱਗੋਕੇ ਨੇ ਦੱਸਿਆ ਕਿ ਭਾਵੇਂ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਉਪਰੋਕਤ ਮੌਤਾਂ ਕਾਰਨ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਪੰਜਾਬ ਸਰਕਾਰ ਇਸ ਹੜ੍ਹਾਂ ਦੀ ਕੁਦਰਤੀ ਕਰੋਪੀ ਵਿੱਚ ਸੂਬੇ ਦੇ ਲੋਕਾਂ ਦੀ ਹਰ ਸੰਭਵ ਸਹਾਇਤਾ ਲਈ ਵਚਨਬੱਧ ਹੈ।