ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਉਪ ਪ੍ਰਧਾਨ ਤੇ ਐਮ ਐਲ ਏ ਡਾਕਟਰ ਚਰਨਜੀਤ ਸਿੰਘ ਚੰਨੀ ਨੇ ਪੰਜਾਬੀ ਸਹਿਜ ਟਾਈਮ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਪੰਜਾਬ ਚ ਆਏ ਭਾਰੀ ਹੜ੍ਹਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਔਖੀ ਘੜੀ ਪੰਜਾਬ ਦੇ ਲੋਕਾਂ ਦੀ ਬਾਂਹ ਫੜ੍ਹੇ ਅਤੇ ਵਿੱਤੀ ਸਹਾਇਤਾ ਲਈ ਵਿਸ਼ੇਸ਼ ਆਰਥਕ ਪੈਕੇਜ ਦੇਵੇ। ਅੱਜ ਇੱਥੇ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਇਸ ਕੁਦਰਤੀ ਆਫ਼ਤ ਕਾਰਨ ਪੰਜਾਬ ਚ ਬਹੁਤ ਤਬਾਹੀ ਹੋਈ ਹੈ ਤੇ ਲੱਖਾਂ ਏਕੜ ਫ਼ਸਲ ਤਬਾਹ ਹੋ ਗਈ ਹੈ । ਉਹਨਾਂ ਕਿਹਾ ਕਿ ਪੰਜਾਬ ਦੇਸ਼ ਦੇ ਅਨਭੰਡਾਰ ਚ ਵੱਡਾ ਹਿੱਸਾ ਪਾਉਂਦਾ ਹੈ । ਜਿਸ ਕਰਕੇ ਅੱਜ ਲੋੜ ਹੈ ਕਿ ਕੇਂਦਰ ਵੀ ਪੰਜਾਬ ਦੇ ਲੋਕਾਂ ਦੀ ਸਹਾਇਤਾ ਲਈ ਅੱਗੇ ਆਵੇ ਤਾ ਜੋ ਲੋਕਾਂ ਨੂੰ ਹੜ੍ਹਾਂ ਦੀ ਮੁਸੀਬਤ ਚੋ ਕੱਢ ਕੇ ਉਹਨਾਂ ਦੇ ਮੁੜ ਵਸੇਬੇ ਲਈ ਯਤਨ ਸ਼ੁਰੂ ਕੀਤੇ ਜਾ ਸਕਣ। ਡਾਕਟਰ ਚਰਨਜੀਤ ਸਿੰਘ ਚੰਨੀ ਨੇ ਅੱਗੇ ਕਿਹਾ ਕਿ ਅੱਜ ਮੁਸੀਬਤ ਦੀ ਘੜੀ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀ ਪਾਰਟੀਬਾਜ਼ੀ ਤੋ ਉੱਪਰ ਉੱਠ ਕੇ ਹੜ੍ਹ ਪੀੜਤ ਲੋਕਾਂ ਦੀ ਖੁੱਲ੍ਹ ਕੇ ਮੱਦਤ ਕਰੀਏ । ਉਹਨਾਂ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਦੀ ਅਗਵਾਹੀ ਵਾਲੀ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਰੇ ਅਫ਼ਸਰਾਂ ਨੂੰ ਨਿਰਦੇਸ਼ ਜਾਰੀ ਕਰਕੇ ਹੜ੍ਹ ਪੀੜਤ ਇਲਾਕਿਆਂ ਚ ਰਹਿਣ ਲਈ ਸਖਤ ਹੁਕਮ ਕੀਤੇ ਹੋਏ ਹਨ ।