ਸਮਾਣਾ : ਹਿੰਦੂ ਸੁਰਕਸ਼ਾ ਪਰਿਸ਼ਦ ਬਜਰੰਗ ਦੱਲ ਹਿੰਦ ਅਤੇ ਗਊ ਰਕਸ਼ਾ ਦੱਲ ਵੱਲੋਂ ਸਮਾਣਾ ਸ਼ਹਿਰ ਵਿਖੇ ਸ੍ਰੀ ਗੁੱਗਾ ਜਾਹਰ ਵੀਰ ਜੀ ਦੇ ਜਾਗਰਣ ਦਾ ਪੂਰੀ ਸ਼ਰਧਾ ਅਤੇ ਉਤਸਾਹ ਨਾਲ ਆਯੋਜਨ ਕੀਤਾ ਗਿਆ। ਇਸ ਦੌਰਾਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਸ. ਹਰਚੰਦ ਸਿੰਘ ਬਰਸਟ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਹਾਜ਼ਰੀ ਲਗਵਾਈ। ਸ. ਬਰਸਟ ਨੇ ਸ੍ਰੀ ਗੁੱਗਾ ਜੀ ਦੇ ਦਰਬਾਰ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸੂਬੇ ਦੀ ਤਰੱਕੀ, ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਇਸ ਮੌਕੇ ਸ. ਹਰਚੰਦ ਸਿੰਘ ਬਰਸਟ ਨੇ ਸ੍ਰੀ ਗੁੱਗਾ ਜਾਹਰ ਵੀਰ ਜੀ ਦੇ ਜਾਗਰਣ ਦੀ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਸਮਾਗਮ ਹੀ ਸਾਡੀ ਸੱਭਿਆਚਾਰਕ ਅਤੇ ਧਾਰਮਿਕ ਵਿਰਾਸਤ ਦਾ ਅਹਿਮ ਹਿੱਸਾ ਹਨ, ਜਿਨ੍ਹਾਂ ਰਾਹੀਂ ਅਸੀਂ ਆਪਣੇ ਸੱਭਿਆਚਾਰ ਨਾਲ ਜੁੜੇ ਰਹਿੰਦੇ ਹਾਂ ਅਤੇ ਨਵੀਂ ਪੀੜ੍ਹੀ ਨੂੰ ਵੀ ਆਪਣੀ ਸੰਸਕ੍ਰਿਤੀ ਅਤੇ ਰਿਤੀ-ਰਿਵਾਜਾਂ ਬਾਰੇ ਜਾਣਕਾਰੀ ਮਿਲਦੀ ਹੈ।
ਉਨ੍ਹਾਂ ਕਿਹਾ ਕਿ ਸਾਡੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ। ਅਜਿਹੇ ਸਮਾਗਮ ਸਮਾਜ ਵਿੱਚ ਏਕਤਾ, ਪਿਆਰ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਦੇ ਹਨ। ਇਸ ਦੌਰਾਨ ਆਯੋਜਕਾਂ ਵੱਲੋਂ ਸ. ਬਰਸਟ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਿੰਦਰ ਸਿੰਘ ਧਬਲਾਨ, ਜੈਂਕੀ ਮਹਿਰਾ, ਸ਼ਾਮ ਲਾਲ ਦੱਤ, ਦੀਪਕ ਬਾਜੀਗਰ ਸਮੇਤ ਸਮੂੰਹ ਸੰਸਥਾ ਮੈਂਬਰ ਅਤੇ ਇਲਾਕਾ ਨਿਵਾਸੀ ਮੌਜੂਦ ਰਹੇ।