ਡਿਪਟੀ ਕਮਿਸ਼ਨਰ ਵੱਲੋਂ ਦੇਵੀਗੜ੍ਹ ਵਿਖੇ ਘੱਗਰ ਤੇ ਖਤੌਲੀ ਵਿਖੇ ਟਾਂਗਰੀ ਨਦੀ ਦੇ ਵਹਾਅ ਦਾ ਜਾਇਜ਼ਾ
ਪਟਿਆਲਾ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਮੁੜ ਤੋਂ ਜ਼ਿਲ੍ਹੇ ਵਿੱਚ ਨਦੀਆਂ ਦੇ ਵਹਾਅ ਦਾ ਗਰਾਊਂਡ ਜ਼ੀਰੋ 'ਤੇ ਜਾਕੇ ਜਾਇਜ਼ਾ ਲਿਆ। ਉਨ੍ਹਾਂ ਨੇ ਦੇਵੀਗੜ੍ਹ ਵਿਖੇ ਘੱਗਰ ਅਤੇ ਦੂਧਨਸਾਧਾਂ ਨੇੜੇ ਖਤੌਲੀ ਵਿਖੇ ਟਾਂਗਰੀ ਨਦੀ ਦੇ ਪਾਣੀ ਦੇ ਵਹਾਅ ਦਾ ਨਿਰੀਖਣ ਕੀਤਾ। ਉਨ੍ਹਾਂ ਦੇ ਨਾਲ ਐਸਡੀਐਮ ਦੂਧਨਸਾਧਾਂ ਕਿਰਪਾਲਵੀਰ ਸਿੰਘ ਸਮੇਤ ਡਰੇਨੇਜ ਵਿਭਾਗ ਦੇ ਨਿਗਰਾਨ ਇੰਜੀਨੀਅਰ ਰਜਿੰਦਰ ਘਈ, ਕਾਰਜਕਾਰੀ ਇੰਜੀਨੀਅਰ ਪ੍ਰਥਮ ਗੰਭੀਰ ਤੇ ਹੋਰ ਅਧਿਕਾਰੀ ਤੇ ਇਲਾਕੇ ਦੇ ਪਤਵੰਤੇ ਅਤੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਨੁਮਾਇੰਦੇ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਭਾਰੀ ਮੀਂਹ ਕਰਕੇ ਤੇ ਘੱਗਰ, ਟਾਂਗਰੀ ਤੇ ਮਾਰਕੰਡਾ ਆਦਿ ਦੇ ਕੰਢਿਆਂ ਨੇੜੇ ਨਾ ਜਾਣ ਦੀ ਸਲਾਹ ਵੀ ਦਿੱਤੀ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਫੀਲਡ ਵਿੱਚ ਲੋਕਾਂ ਦੇ ਸੰਪਰਕ ਵਿੱਚ ਹਨ, ਜਿਸ ਕਰਕੇ ਸਾਨੂੰ ਸਹੀ ਤੇ ਜਮੀਨੀ ਪੱਧਰ ਦੀ ਜਾਣਕਾਰੀ ਮਿਲ ਰਹੀ ਹੈ, ਇਸ ਲਈ ਲੋੜੀਂਦੀਆਂ ਥਾਵਾਂ ਵਿਖੇ ਲੋੜੀਂਦੀ ਮਸ਼ੀਨਰੀ ਤੇ ਹੋਰ ਸਾਜੋ ਸਮਾਨ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਲੋੜ ਪੈਣ ਉਤੇ ਨਦੀਆਂ ਦੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਸਕੇ ਤੇ ਲੋੜੀਂਦੀ ਸਹਾਇਤਾ ਪਹੁੰਚਾਈ ਜਾ ਸਕੇ।ਉਨ੍ਹਾਂ ਨੇ ਲੋਕਾਂ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਪੂਰੀ ਜਾਣਕਾਰੀ ਦਿੰਦੇ ਹੋਏ, ਸਥਿਤੀ ਨਾਲ ਨਿਪਟਣ ਲਈ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।