ਮੋਗਾ : ਪੰਜਾਬ ਸਰਕਾਰ ਅਤੇ ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਦੇ ਸਾਂਝੇ ਸਹਿਯੋਗ ਨਾਲ "ਉਮੀਦ" ਪਹਿਲਕਦਮੀ ਤਹਿਤ ਸਿਵਲ ਹਸਪਤਾਲ ਮੋਗਾ ਦੇ ਜੱਚਾ ਬੱਚਾ ਵਾਰਡ ਵਿੱਚ ਜੈਨੇਟਿਕ ਸਿਹਤ ਸੇਵਾਵਾਂ ਨੂੰ ਮਜਬੂਤੀ ਦਿੰਦਿਆ ਜੈਨੇਟਿਕ ਜਾਂਚ ਲੈਬ ਖੋਲ੍ਹੀ ਗਈ ਹੈ ਜਿੱਥੇ ਗਰਭਵਤੀ ਔਰਤਾਂ ਨੂੰ ਜੈਨੇਟਿਕ ਸਕਰੀਨਿੰਗ ਤੇ ਕਾਉਂਸਲਿੰਗ ਮੁਫਤ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਸਕੀਨਿੰਗ ਵਿੱਚ ਇਲਾਜਯੋਗ ਜੈਨੇਟਿਕ ਵਿਕਾਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿੱਚ ਜਮਾਂਦਰੂ ਹਾਈਪੋਥਾਈਰੋਡਿਜ਼ਮ, ਜਮਾਂਦਰੂ ਐਡਰੀਨਲ ਹਾਈਪਰਪਲਅਸੀਆ, ਗੈਲੇਕਟੋਸੇਮੀਆ, ਥੈਲੇਸੇਮੀਆਂ, ਜੀ 6 ਪੀ ਡੀ ਦੀ ਘਾਟ ਅਤੇ ਬਾਇਓਟਿਨੀਡੇਜ਼ ਦੀ ਘਾਟ, ਸੁੱਕੇ ਖੂਨ ਦੇ ਚਟਾਕ ਦੀ ਜਾਂਚ ਆਦਿ ਸ਼ਾਮਿਲ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਤਹਿਤ ਜਨਵਰੀ 2025 ਤੋਂ ਹੁਣ ਤੱਕ ਲਗਭਗ 3059 ਔਰਤਾਂ ਦਾ ਜੈਨੇਟਿਕ ਵਿਕਾਰਾਂ ਲਈ ਟੈਸਟ ਕੀਤਾ ਗਿਆ ਹੈ, ਇਨ੍ਹਾਂ ਵਿਚੋਂ 102 ਔਰਤਾਂ ਵਿੱਚ ਜੇਨੇਟਿਕ ਬਲੱਡ ਡਿਸਆਰਡਰ ਵਿਕਾਰ ਪਾਏ ਗਏ। ਇਸ ਤੋਂ ਇਲਾਵਾ 1029 ਬੱਚਿਆਂ ਦਾ ਵੀ ਇਹ ਟੈਸਟ ਕੀਤਾ ਗਿਆ ਹੈ। ਇਸ ਪ੍ਰੋਜੈਕਟ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਬਾਇਓਟੈਕਨਾਲੋਜੀ ਵਿਭਾਗ (ਡੀਬੀਟੀ) ਦੁਆਰਾ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਤਹਿਤ ਲਾਗੂ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੇ ਕਿਹਾ ਕਿ ਸਾਰੇ ਆਮ ਆਦਮੀ ਕਲਿਨਿਕਾਂ, ਹੈਲਥ ਸੈਂਟਰਾਂ, ਆਂਗਣਵਾੜੀ ਕੇਂਦਰਾਂ ਵਿੱਚ ਗਰਭਵਤੀ ਔਰਤਾਂ ਨੂੰ ਇਸ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤਾਂ ਕਿ ਵੱਧ ਤੋਂ ਵੱਧ ਜੱਚੇ ਬੱਚਿਆਂ ਦੀ ਸਕਰੀਨਿੰਗ ਇਸ ਲੈਬ ਜਰੀਏ ਕਰਵਾਈ ਜਾ ਸਕੇ। ਸ਼੍ਰੀ ਸਾਗਰ ਸੇਤੀਆ ਵਲੋਂ ਆਮ ਲੋਕਾਂ ਨੂੰ ਅਪੀਲ ਕਿ ਇਸ ਸਕੀਮ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਲਾਭਪਾਤਰੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਤਾਂ ਜੋਂ ਜੇਨੇਟਿਕ ਵਿਕਾਰਾ ਦਾ ਸਮੇਂ ਸਿਰ ਪਤਾ ਲਗ ਸਕੇ ਅਤੇ ਇਲਾਜ ਹੋ ਸਕੇ।