ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਅੱਜ ਦਿੱਲੀ ਦੇ ਕੈਬਨਿਟ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਅਤੇ ਸ਼੍ਰੀ ਕਪਿਲ ਮਿਸ਼ਰਾ ਵੱਲੋਂ ਇੱਕ ਅਹਿਮ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਵਿੱਚ ਆਉਣ ਵਾਲੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਬਹੁਤ ਧੂਮਧਾਮ, ਸ਼ਰਧਾ ਅਤੇ ਬਹੁਤ ਸਤਿਕਾਰ ਨਾਲ ਮਨਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਡੀ.ਐਸ.ਜੀ.ਐਮ.ਸੀ. ਦੀ ਟੀਮ ਅਤੇ ਹੋਰ ਮੈਂਬਰਾਂ ਵੱਲੋਂ ਵੀ ਹਿੱਸਾ ਲਿਆ ਗਿਆ। ਉਨ੍ਹਾਂ ਕਿਹਾ ਕਿ, “ਇਹ ਇਤਿਹਾਸਕ ਮੌਕੇ ਸਾਨੂੰ ਨਾ ਸਿਰਫ਼ ਆਪਣੇ ਸ਼ਹੀਦੀ ਵਿਰਾਸਤ ਨੂੰ ਯਾਦ ਕਰਨ ਦਾ ਮੌਕਾ ਦਿੰਦਾ ਹੈ, ਬਲਕਿ ਆਉਣ ਵਾਲੀ ਪੀੜ੍ਹੀ ਨੂੰ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਅਤੇ ਉਪਦੇਸ਼ਾਂ ਨਾਲ ਜੋੜਨ ਦਾ ਵੀ ਸੁਨਹਿਰਾ ਮੌਕਾ ਹੈ।” ਉਨ੍ਹਾਂ ਕਿਹਾ ਕਿ ਸਾਰੀਆਂ ਤਿਆਰੀਆਂ ਬੜੇ ਹੀ ਸੁਚੱਜੇ ਢੰਗ ਨਾਲ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਇਹ ਸਮਾਗਮ ਇਤਿਹਾਸ ਵਿੱਚ ਇਕ ਅਮਰ ਨਿਸ਼ਾਨ ਛੱਡ ਸਕੇ ਅਤੇ ਦੁਨੀਆ ਭਰ ਦੀ ਸੰਗਤ ਗੁਰੂ ਸਾਹਿਬ ਦੀ ਬੇਮਿਸਾਲ ਸ਼ਹਾਦਤ ਨਾਲ ਰੂ-ਬ-ਰੂ ਹੋ ਸਕੇ।