ਮਾਲੇਰਕੋਟਲਾ : ਕਿਰਤੀ ਕਿਸਾਨ ਯੂਨੀਅਨ ਵੱਲੋਂ ਸੂਬਾਈ ਸੱਦੇ ਤਹਿਤ ਪੰਜਾਬ ਵਿੱਚ ਆਏ ਹੜਾਂ ਦੀ ਮਾਰ ਝੱਲ ਰਹੇ ਲੋਕਾਂ ਨੂੰ ਫੌਰੀ ਰਾਹਤ ਅਤੇ ਉਹਨਾਂ ਦੇ ਮੁੜ ਵਸੇਵੇ ਦੇ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ ਨੂੰ ਡਿਪਟੀ ਕਮਿਸ਼ਨਰ ਮਲੇਰਕੋਟਲਾ ਰਾਹੀਂ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਰੁਪਿੰਦਰ ਸਿੰਘ ਚੌਂਦਾ ਅਤੇ ਮਾਨ ਸਿੰਘ ਸੱਦੋਪੁਰ ਨੇ ਕਿਹਾ ਕਿ ਪੰਜਾਬ ਵਿੱਚ ਰਾਵੀ ਅਤੇ ਬਿਆਸ ਦਰਿਆ ਵਿੱਚ ਹੜ ਆਉਣ ਕਾਰਨ ਵੱਡੀ ਗਿਣਤੀ ਵਿੱਚ ਲੋਕ ਪਾਣੀ ਦੀ ਮਾਰ ਆਉਣ ਕਾਰਨ ਤਬਾਹ ਹੋ ਚੁੱਕੇ ਹਨ।ਹੜਾਂ ਕਾਰਨ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ,ਲੋਕਾਂ ਦੇ ਘਰ ਢਹਿ ਗਏ ਹਨ ਅਤੇ ਫਸਲਾਂ ਪੂਰੀ ਤਰਹਾਂ ਬਰਬਾਦ ਹੋ ਚੁੱਕੀਆਂ। ਇਸ ਮੌਕੇ ਬਲਾਕ ਆਗੂ ਸ਼ਮਸ਼ੇਰ ਸਿੰਘ ਆਦਮਵਾਲ ਅਤੇ ਲਾਭ ਸਿੰਘ ਨਥੋਹੇੜੀ ਨੇ ਕਿਹਾ ਕਿ ਮਲੇਰਕੋਟਲਾ ਜਿਲੇ ਵਿੱਚੋਂ ਲੰਘਦੀ ਲਸਾੜਾ ਡਰੇਨ ਨੂੰ ਪਿਛਲੇ ਕਈ ਸਾਲਾਂ ਤੋਂ ਸਾਫ ਨਹੀਂ ਕੀਤਾ ਗਿਆ ਜੋ ਕਿਸੇ ਵੇਲੇ ਵੀ ਭਾਰੀ ਬਰਸਾਤ ਹੋਣ ਕਾਰਨ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਉਨਾਂ ਇਹ ਵੀ ਕਿਹਾ ਕਿ ਸੂਬੇ ਵਿੱਚ ਬਣ ਰਹੀਆਂ ਭਾਰਤਮਾਲਾ ਸੜਕਾਂ ਵੀ ਵੱਡੀ ਪੱਧਰ ਤੇ ਹੜਾਂ ਦਾ ਕਾਰਨ ਬਣ ਰਹੀਆਂ ਹਨ। ਉਹਨਾਂ ਮੰਗ ਕੀਤੀ ਕਿ ਮਲੇਰਕੋਟਲਾ ਜਿਲੇ ਵਿੱਚੋਂ ਬਣਨ ਜਾ ਰਹੇ ਨਵੇਂ ਸਰਹੰਦ ਸਹਿਣਾ ਐਕਸਪ੍ਰੈਸਵੇ ਵਿੱਚ ਪਾਣੀ ਦੇ ਕੁਦਰਤੀ ਵਹਾ ਅਨੁਸਾਰ ਹੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਰਪੂਰ ਸਿੰਘ ਫੈਜਗੜ੍ਹ, ਗਰਮੇਲ ਸਿੰਘ ਮਦੇਵੀ, ਨਿਰਮਲ ਸਿੰਘ ਰੁੜਕਾ,ਜਰਨੈਲ ਸਿੰਘ ਚੌਂਦਾ,ਸਾਧੂ ਸਿੰਘ,ਜਗਤਾਰ ਸਿੰਘ ,ਰਾਜਵਿੰਦਰ ਸਿੰਘ,ਮੱਘਰ ਸਿੰਘ ਅਤੇ ਕੁਲਵਿੰਦਰ ਸਿੰਘ ਮਦੇਵੀ ਆਦਿ ਆਗੂ ਮੌਜੂਦ ਸਨ।