ਪਟਿਆਲਾ : ਪਟਿਆਲਾ ਸ਼ਹਿਰ ਨੂੰ ਸਵੱਛ ਤੇ ਸਾਫ ਬਣਾਉਣ ਲਈ ਨਗਰ ਨਿਗਮ ਪਟਿਆਲਾ ਵੱਲੋਂ ਵੱਡਾ ਫੈਸਲਾ ਕੀਤਾ ਗਿਆ ਹੈ। ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਬੀਤੇ ਦਿਨੀਂ ਸਥਾਨਕ ਸਰਕਾਰ ਮੰਤਰੀ ਪੰਜਾਬ ਡਾ. ਰਵਜੋਤ ਸਿੰਘ ਨਾਲ ਹੋਈ ਮੀਟਿੰਗ ਦੌਰਾਨ ਉਨ੍ਹਾਂ ਨੇ ਇਹ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਕਿ ਸਫਾਈ ਸੇਵਕ ਤੇ ਸੀਵਰਮੈਨ ਸਿਰਫ ਆਪਣੇ ਮੂਲ ਕੰਮ ਸਫਾਈ ਅਤੇ ਸੀਵਰ ਸੰਬੰਧੀ ਕਾਰਜਾਂ ਲਈ ਹੀ ਤੈਨਾਤ ਕੀਤੇ ਜਾਣ ਤਾਂ ਜੋ ਸਫਾਈ ਜਾ ਸੀਵਰ ਸਬੰਧੀ ਕਿਸੇ ਵੀ ਤਰ੍ਹਾਂ ਦੀਆ ਮੁਸ਼ਕਲਾਂ ਆਉਣ ਤੋਂ ਪਹਿਲਾ ਹੀ ਬਚਾਅ ਰੱਖਿਆ ਜਾ ਸਕੇ। ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਵੀਰ ਸਿੰਘ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਹਿਕਮੇਂ ਨੂੰ ਸਰਕਾਰੀ ਹੁਕਮਾਂ ਦੀ ਪਾਲਨਾ ਕਰਨ ਲਈ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਹਰ ਸਫਾਈ ਸੇਵਕ ਤੇ ਸੀਵਰਮੈਨ ਨੂੰ ਉਸਦੀ ਜ਼ਿੰਮੇਵਾਰੀ ਅਨੁਸਾਰ ਹੀ ਕੰਮ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਅਕਸਰ ਸ਼ਿਕਾਇਤ ਆ ਰਹੀ ਸੀ ਕਿ ਕੁਝ ਕਰਮਚਾਰੀ ਦਫ਼ਤਰਾਂ ਜਾਂ ਨਿੱਜੀ ਥਾਵਾਂ ਤੇ ਕੰਮ ਕਰ ਰਹੇ ਹਨ, ਜਿਸ ਕਾਰਨ ਸ਼ਹਿਰ ਦੀ ਸਫਾਈ ਪ੍ਰਭਾਵਿਤ ਹੋ ਰਹੀ ਸੀ। ਹੁਣ ਇਸ ਪ੍ਰਥਾ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ। ਅਖੀਰ ਵਿੱਚ, ਨਗਰ ਨਿਗਮ ਨੇ ਸਬੰਧਤ ਸਾਰੇ ਕਰਮਚਾਰੀਆਂ ਨੂੰ ਵੀ ਖਾਸ ਤੌਰ ਤੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਸਫਾਈ ਸੇਵਕ ਜਾਂ ਸੀਵਰਮੈਨ ਆਪਣੀ ਡਿਊਟੀ ਤੋਂ ਹੱਟ ਕੇ ਹੋਰ ਥਾਂ ਕੰਮ ਕਰਦਾ ਪਾਇਆ ਗਿਆ, ਤਾਂ ਉਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।