ਮੋਗਾ : ਅੱਜ ਦੁਕਾਨ ਮਕਾਨ ਬਚਾਊ ਸੰਘਰਸ਼ ਕਮੇਟੀ ਦੁੱਨੇਕੇ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਦੁੱਨੇਕੇ ਵਿਖੇ ਜਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਦੀ ਅਗਵਾਈ ਵਿੱਚ ਭਾਰਤ ਮਾਲਾ ਪ੍ਰੋਜੈਕਟ ਅਧੀਨ ਹੋ ਰਹੇ ਉਜਾੜੇ ਦੇ ਵਿਰੋਧ ਵਿੱਚ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਮੋਗਾ 2 ਪ੍ਰਧਾਨ ਇਕਬਾਲ ਸਿੰਘ ਸਿੰਘਾਂਵਾਲਾ ਨੇ ਕਿਹਾ ਕਿ ਇਹ ਆਮ ਲੋਕਾਂ ਨਾਲ ਬਹੁਤ ਵੱਡਾ ਧੱਕਾ ਹੈ ਕਿ ਸਰਕਾਰ ਉਹਨਾਂ ਨੂੰ ਯੋਗ ਮੁਆਵਜਾ ਦਿੱਤੇ ਬਿਨਾਂ ਉਹਨਾਂ ਦੇ ਘਰ ਢਾਅ ਰਹੀ ਹੈ । ਆਗੂਆਂ ਨੇ ਕਿਹਾ ਕਿ ਪ੍ਰਸ਼ਾਸ਼ਨ ਦੀ ਧੱਕੇਸ਼ਾਹੀ ਦਾ ਆਲਮ ਇਹ ਹੈ ਕਿ ਲੋਕਾਂ ਦੇ ਮੋਗਾ - ਫਿਰੋਜ਼ਪੁਰ ਰੋਡ ਤੇ ਬਣੇ ਕੀਮਤੀ ਮਕਾਨਾ ਨੂੰ ਵੀ ਚਾਹੀ ਜ਼ਮੀਨ ਦਿਖਾ ਆਪਣੀ ਮਰਜੀ ਨਾਲ ਨਿਗੂਣਾ ਮੁਆਵਜਾ ਤਹਿ ਕਰ ਲੋਕਾਂ ਦੇ ਘਰ ਤਹਿਸ ਨਹਿਸ ਕੀਤੇ ਜਾ ਰਹੇ ਹਨ। ਬਲਾਕ ਮੋਗਾ ਵੰਨ ਪ੍ਰਧਾਨ ਜਗਜੀਤ ਸਿੰਘ ਮੱਦੋਕੇ, ਬਲਾਕ ਧਰਮਕੋਟ ਦੇ ਪ੍ਰਧਾਨ ਗੁਰਦੇਵ ਸਿੰਘ ਕਿਸ਼ਨਪੁਰਾ, ਬਲਾਕ ਨਿਹਾਲ ਸਿੰਘ ਵਾਲਾ ਦੇ ਸਕੱਤਰ ਬੂਟਾ ਸਿੰਘ ਭਾਗੀਕੇ ਨੇ ਕਿਹਾ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਜਦੋਂ ਤੱਕ ਮਕਾਨਾਂ ਦਾ ਸਹੀ ਮੁਆਵਜਾ ਸਰਕਾਰ ਵਲੋਂ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਉਕਤ ਤੋ ਇਲਾਵਾ ਕਪਤਾਨ ਸਿੰਘ, ਸੁਖਜੀਤ ਸਿੰਘ, ਜਸਵਿੰਦਰ ਸਿੰਘ ਸ਼ਿੰਦਾ, ਜਸਵਿੰਦਰ ਸਿੰਘ, ਜਸਵੰਤ ਸਿੰਘ, ਜਗਜੀਤ ਸਿੰਘ ਕੋਕਰੀ ਅਤੇ ਜੀਤ ਸਿੰਘ ਡੇਮਰੂ ਨੇ ਵੀ ਸੰਬੋਧਨ ਕੀਤਾ