ਪੰਜਾਬ ਸਰਕਾਰ ਦੇ ਸਿਹਤ ਸੰਭਾਲ ਯਤਨਾਂ ਦੀ ਕੀਤੀ ਖ਼ੂਬ ਪ੍ਰਸ਼ੰਸਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਪੰਜਾਬ ਦੇ ‘ਆਮ ਆਦਮੀ ਕਲੀਨਿਕਾਂ’ ਦੀ ਆਲਮੀ ਪ੍ਰਸਿੱਧੀ ਦੀ ਪ੍ਰਤੱਖ ਮਿਸਾਲ ਅੱਜ ਉਦੋਂ ਵੇਖਣ ਨੂੰ ਮਿਲੀ ਜਦ 13 ਦੇਸ਼ਾਂ ਦੇ 30 ਨੁਮਾਇੰਦਿਆਂ ਨੇ ਸਥਾਨਕ ਫ਼ੇਜ਼ 7 ਦੇ ‘ਆਮ ਆਦਮੀ ਕਲੀਨਿਕ’ ਵਿਚ ਫੇਰੀ ਪਾਈ। ਇਹ ਨੁਮਾਇੰਦੇ ਆਮ ਆਦਮੀ ਕਲੀਨਿਕਾਂ ਦੀ ਕਾਰਜਪ੍ਰਣਾਲੀ ਨੂੰ ਨੇੜਿਉਂ ਵੇਖਣ ਅਤੇ ਸਮਝਣ ਲਈ ਉਚੇਚੇ ਤੌਰ ’ਤੇ ਇਥੇ ਪੁੱਜੇ, ਜਿਨ੍ਹਾਂ ਨੇ ਕਲੀਨਿਕ ਵਿਚ ਆਉਣ ਵਾਲੇ ਮਰੀਜ਼ਾਂ, ਉਨ੍ਹਾਂ ਨੂੰ ਦਿੱਤੀਆਂ ਜਾਂਦੀਆਂ ਸਿਹਤ ਸੇਵਾਵਾਂ, ਕਲੀਨਿਕ ਦੇ ਬੁਨਿਆਦੀ ਢਾਂਚੇ, ਜਾਂਚ, ਇਲਾਜ ਪ੍ਰਣਾਲੀ ਅਤੇ ਦਵਾਈਆਂ ਆਦਿ ਬਾਰੇ ਗਹੁ ਨਾਲ ਜਾਣਿਆ ਅਤੇ ਕਾਫ਼ੀ ਪ੍ਰਭਾਵਤ ਵੀ ਹੋਏ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ ਅਤੇ ਮਨਜੋਤ ਸਿੰਘ, ਰਾਜ ਨੋਡਲ ਅਧਿਕਾਰੀ (ਈ-ਗਵਰਨੈਂਸ), PHSC ਨੇ ਉਨ੍ਹਾਂ ਦੇ ਹਰ ਸਵਾਲ ਦਾ ਤਸੱਲੀਬਖ਼ਸ਼ ਜਵਾਬ ਦਿਤਾ ਅਤੇ ਕਲੀਨਿਕਾਂ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਸਾਂਝੀ ਕੀਤੀ। ਡਾ. ਡੋਗਰਾ ਨੇ ਦਸਿਆ ਕਿ ਅੰਤਰਰਾਸ਼ਟਰੀ ਪ੍ਰਤੀਨਿਧੀਆਂ ਲਈ ਵਿਸ਼ੇਸ਼ ਪ੍ਰੋਗਰਾਮ – ਡਿਜੀਟਲ ਹੈਲਥ ਤਹਿਤ ਇਹ ਭਾਗੀਦਾਰ ਆਮ ਆਦਮੀ ਕਲੀਨਿਕ ਵਿਚ ਪੁੱਜੇ ਹਨ। ਇਹ ਪ੍ਰੋਗਰਾਮ C-DAC Mohali ਵੱਲੋਂ ਭਾਰਤ ਸਰਕਾਰ ਦੇ ਵਿਦੇਸ਼ ਮਾਮਲੇ ਮੰਤਰਾਲਾ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ 13 ਦੇਸ਼ਾਂ ਤੋਂ 30 ਅੰਤਰਰਾਸ਼ਟਰੀ ਭਾਗੀਦਾਰਾਂ ਨੇ ਹਿਸਾ ਲਿਆ, ਜਿਨ੍ਹਾਂ ਵਿੱਚ ਇਕੁਆਡੋਰ, ਈਥੀਓਪੀਆ, ਘਾਨਾ, ਕੈਨਿਆ, ਮਲਾਵੀ, ਮੌਰੀਸ਼ਸ, ਨਾਈਜੀਰੀਆ, ਰਵਾਂਡਾ, ਤਾਜਿਕਿਸਤਾਨ, ਯੂਗਾਂਡਾ, ਉਜ਼ਬੇਕਿਸਤਾਨ, ਜ਼ਾਂਬੀਆ ਅਤੇ ਜ਼ਿੰਬਾਬਵੇ ਸ਼ਾਮਲ ਸਨ। ਇਸ ਵਫ਼ਦ ਵਿੱਚ ਡਾਕਟਰ, ਨਰਸਾਂ, ਕੌਮੀ ਸਿਹਤ ਨਿਰਦੇਸ਼ਕਾਂ, ਸਿੱਖਿਆਕਾਰਾਂ ਅਤੇ ਆਈ.ਟੀ. ਸਹਾਇਕ ਕਰਮਚਾਰੀਆਂ ਵਰਗੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਪੇਸ਼ੇਵਰ ਸ਼ਾਮਿਲ ਸਨ। ਵਫ਼ਦ ਨੂੰ ਕਲਿਨਿਕਾਂ ਦੀ ਪੂਰੀ ਕਾਰਜ-ਪ੍ਰਣਾਲੀ ਬਾਰੇ ਜਾਣੂ ਕਰਵਾਇਆ ਗਿਆ, ਜਿਸ ਵਿੱਚ ਮਰੀਜ਼ ਰਜਿਸਟ੍ਰੇਸ਼ਨ, ਸਲਾਹ-ਮਸ਼ਵਰਾ, ਜਾਂਚ ਸੇਵਾਵਾਂ, ਫਾਰਮੇਸੀ ਅਤੇ ਫਾਲੋਅਪ ਕੇਅਰ ਸ਼ਾਮਲ ਹਨ। ਸ. ਮਨਜੋਤ ਸਿੰਘ, ਰਾਜ ਨੋਡਲ ਅਧਿਕਾਰੀ (ਈ-ਗਵਰਨੈਂਸ), ਅਤੇ ਡਾ. ਗਿਰੀਸ਼ ਡੋਗਰਾ, ਨੋਡਲ ਅਧਿਕਾਰੀ, ਆਮ ਆਦਮੀ ਕਲਿਨਿਕ, ਐਸ.ਏ.ਐਸ. ਨਗਰ ਵੱਲੋਂ ਡਿਜੀਟਲ ਕਾਰਜਪ੍ਰਣਾਲੀ ਬਾਰੇ ਮੁੱਖ ਜਾਣਕਾਰੀ ਸਾਂਝੀ ਕੀਤੀ ਗਈ।
ਵਫ਼ਦ ਨੇ ਡਾ. ਤਾਨਿਆ ਗ੍ਰੋਵਰ (ਮੈਡੀਕਲ ਅਫਸਰ), ਫਾਰਮੇਸੀ ਅਧਿਕਾਰੀ ਅਤੇ ਕਲੀਨਿਕਲ ਅਸਿਸਟੈਂਟਸ ਨਾਲ ਵੀ ਮੁਲਾਕਾਤ ਕੀਤੀ ਅਤੇ ਸਿਸਟਮ ਨੂੰ ਰੀਅਲ ਟਾਈਮ ਵਿੱਚ ਵਰਤ ਕੇ ਤਜ਼ਰਬਾ ਲਿਆ । ਵਫ਼ਦ ਨੇ ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਸਿਹਤ ਢਾਂਚੇ ਨੂੰ ਮਜ਼ਬੂਤ ਬਣਾਉਣ ਦੇ ਯਤਨਾਂ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਨਾਲ ਸੈਕੰਡਰੀ ਅਤੇ ਟਰਸ਼ਰੀ ਹੈਲਥਕੇਅਰ ਸਿਸਟਮਾਂ 'ਤੇ ਭਾਰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ ।