ਐਮ ਐਲ ਏ ਵੱਲੋਂ ਅੱਠ ਪਿੰਡਾਂ ਦੇ ਮਾਲ ਰਿਕਾਰਡ ਅਤੇ ਨਵੀਂ ਕਾਨੂੰਗੋਈ ਸਥਾਪਤ ਕਰਨ ਲਈ ਡੀ ਸੀ ਨਾਲ ਮੀਟਿੰਗ
ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਐਮ ਐਲ ਏ ਰਾਜਪੁਰਾ ਸ਼੍ਰੀਮਤੀ ਨੀਨਾ ਮਿੱਤਲ ਨੇ ਅੱਜ ਇੱਥੇ ਕਿਹਾ ਕਿ ਬਨੂੰੜ ਇਲਾਕੇ ਰਾਜਪੁਰਾ (ਪਟਿਆਲਾ) ਨਾਲ ਲੱਗਦੇ ਅੱਠ ਪਿੰਡਾਂ ਨੂੰ ਮਾਲ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਸ਼ਾਮਿਲ ਕਰਵਾਉਣ ਉਪਰੰਤ, ਹੁਣ ਉਨ੍ਹਾਂ ਦੀ ਅਗਲੀ ਕੋਸ਼ਿਸ਼ ਪਟਿਆਲਾ ਪੁਲਿਸ ਨਾਲ ਲੱਗਦੇ ਬਨੂੰੜ ਦੇ ਇਲਾਕੇ ਨੂੰ ਮੋਹਾਲੀ ਪੁਲਿਸ ਨਾਲ ਜੋੜਨ ਦੀ ਹੋਵੇਗੀ।
ਅੱਜ ਡਿਪਟੀ ਕਮਿਸ਼ਨਰ ਦਫ਼ਤਰ ਮੋਹਾਲੀ ਵਿਖੇ ਪੁੱਜੇ ਵਿਧਾਇਕ ਰਾਜਪੁਰਾ ਸ਼੍ਰੀਮਤੀ ਮਿੱਤਲ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਰਾਜਪੁਰਾ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਮੋਹਾਲੀ ਜ਼ਿਲ੍ਹੇ ਦੇ ਇਨ੍ਹਾਂ ਅੱਠ ਪਿੰਡਾਂ ਨੂੰ ਮਾਲ ਜ਼ਿਲ੍ਹਾ ਮੋਹਾਲੀ ਵਿੱਚ ਸ਼ਾਮਿਲ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵਿਸਤ੍ਰਿਤ ਮੀਟਿੰਗ ਕਰਕੇ ਇਨ੍ਹਾਂ ਅੱਠ ਪਿੰਡਾਂ ਦਾ ਮਾਲ ਰਿਕਾਰਡ ਪਟਿਆਲਾ ਤੋਂ ਮੋਹਾਲੀ ਵਿੱਚ ਤਬਦੀਲ ਕਰਨ ਦੀ ਚੱਲ ਰਹੀ ਪ੍ਰਕਿਰਿਆ ਨੂੰ ਜਲਦ ਮੁਕੰਮਲ ਕਰਨ ਅਤੇ ਬਨੂੰੜ ਦੇ ਪਟਵਾਰ ਸਰਕਲਾਂ ਅਤੇ ਕਾਨੂੰਗੋਈਆਂ ਦੇ ਪੁਨਰ ਗਠਨ ਬਾਰੇ ਬਾਰੇ ਆਖਿਆ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਮਾਲ ਰਿਕਾਰਡ ਤਬਦੀਲ ਕਰਨ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਲੋੜੀਂਦੇ ਪਟਵਾਰ ਸਰਕਲਾਂ ਅਤੇ ਕਾਨੂੰਗੋਈਆਂ ਦੇ ਪੁਨਰ ਗਠਨ ਦੀ ਕਾਰਵਾਈ ਨੂੰ ਜਲਦ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਮੀਟਿੰਗ ਵਿੱਚ ਬਨੂੰੜ ਦੇ 40 ਪਿੰਡਾਂ ਅਤੇ 13 ਸ਼ਹਿਰੀ ਵਾਰਡਾਂ ਦੀ ਵੰਡ 14 ਪਟਵਾਰ ਸਰਕਲਾਂ ਅਤੇ 2 ਕਾਨੂੰਗੋਈਆਂ ਵਿੱਚ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ।
ਉਨ੍ਹਾਂ ਇਸ ਮੌਕੇ ਦੱਸਿਆ ਕਿ ਬਨੂੰੜ ਨੂੰ ਮਾਲ ਸਬ ਡਵੀਜ਼ਨ ਅਤੇ ਪੁਲਿਸ ਸਬ ਡਵੀਜ਼ਨ ਦਾ ਦਰਜਾ ਦਿਵਾਉਣ ਲਈ ਉਨ੍ਹਾਂ ਵੱਲੋਂ ਮੁੱਖ ਮੰਤਰੀ ਪੱਧਰ ਅਤੇ ਡੀ ਜੀ ਪੀ ਪੱਧਰ ਤੇ ਯਤਨ ਜਾਰੀ ਹਨ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਪ੍ਰਸ਼ਾਸਨਿਕ ਕੰਮਾਂ ਲਈ ਦੂਰ ਨਾ ਜਾਣਾ ਪਵੇ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਗੀਤਿਕਾ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ, ਐੱਸ ਡੀ ਐਮ ਮੋਹਾਲੀ ਦਮਨਦੀਪ ਕੌਰ, ਜ਼ਿਲ੍ਹਾ ਮਾਲ ਅਫਸਰ ਡਾ. ਹਰਮਿੰਦਰ ਸਿੰਘ ਹੁੰਦਲ, ਨਾਇਬ ਤਹਿਸੀਲਦਾਰ ਹਰਜੋਤ ਸਿੰਘ, ਡੀ ਐਸ ਐਮ ਨਵਨੀਤ ਕੌਰ ਤੇ ਹੋਰ ਅਧਿਕਾਰੀ ਮੌਜੂਦ ਸਨ।