ਲਹਿਰਾਗਾਗਾ : ਮੰਡੀਕਰਨ ਸਭਾਵਾਂ ਨੂੰ ਮਾਰਕਫੈਡ ਵਿੱਚ ਮਰਜ਼ ਕਰਨ ਦੀ ਜੋ ਪ੍ਰਕਿਰਿਆ ਚੱਲ ਰਹੀ ਹੈ ਉਹ ਕੀੜੀ ਦੀ ਚਾਲੇ ਹੈ।ਇਹ ਵਿਚਾਰ ਮਾਰਕਫੈਡ ਸਭਾਵਾਂ ਯੂਨੀਅਨ ਦੇ ਸੂਬਾ ਪ੍ਰਧਾਨ ਜਸਪਾਲ ਸਿੰਘ ਲਹਿਰਾਗਾਗਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨਾਂ ਆਖਿਆ ਕਿ ਇਸ ਸਬੰਧੀ ਸਭਾਵਾਂ ਤੋਂ ਰਿਪੋਰਟਾਂ ਵੀ ਮੰਗ ਲਈਆਂ ਹਨ। ਇਥੋਂ ਤੱਕ ਕਿ ਹਲਕਾ ਦਿੜ੍ਹਬਾ ਦੇ ਵਿਧਾਇਕ ਅਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿਫਾਰਿਸ਼ ਵੀ ਕਰ ਦਿੱਤੀ ਹੈ। ਫਿਰ ਵੀ ਇੰਝ ਲੱਗ ਰਿਹਾ ਹੈ ਕਿ ਸਾਡੀ ਇਹ ਫਾਇਲ ਠੰਡੇ ਬਸਤੇ ਵਿੱਚ ਪਾਈ ਹੋਈ ਹੈ। ਜਦੋਂ ਪੁੱਛਦੇ ਹਾਂ ਕਿ ਇਹ ਮਾਰਕਫੈਡ ਵਿੱਚ ਮਰਜ਼ ਹੋਣਗੀਆਂ ਜਾਂ ਨਹੀਂ ਤਾਂ ਕੁਝ ਵੀ ਨਹੀਂ ਦੱਸਿਆ ਜਾਂਦਾ। ਸੂਬਾ ਪ੍ਰਧਾਨ ਜਸਪਾਲ ਸਿੰਘ ਨੇ ਦੱਸਿਆ ਕਿ ਮੰਡੀਕਰਨ ਸਭਾਵਾਂ ਲਹਿਰਾਗਾਗਾ, ਭਵਾਨੀਗੜ੍ਹ ਅਤੇ ਫਾਜਲਿਕਾ ਦੀਆਂ ਰਿਪੋਰਟਾਂ ਵੀ ਕੰਪਲੀਟ ਹੋ ਚੁੱਕੀਆਂ ਹਨ ਫਿਰ ਵੀ ਇਨ੍ਹਾਂ ਨੂੰ ਮਰਜ ਕਰਨ ਦੀ ਪ੍ਰਕਿਰਿਆ ਕੀੜੀ ਦੇ ਚਾਲੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਏਐਮਡੀ ਮਾਰਕਫੈਡ ਕੋਲ ਬਹੁਤ ਗੇੜੇ ਮਾਰ ਚੁੱਕੇ ਹਾਂ ਜਦੋਂ ਵੀ ਪੁੱਛਦੇ ਹਾਂ ਕਿ ਇਹੋ ਕਿਹਾ ਜਾਂਦਾ ਹੈ ਕਿ ਤੁਹਾਡੀ ਫਾਈਲ ਚੱਲ ਰਹੀ ਹੈ ਪ੍ਰੰਤੂ 2022 ਤੋਂ ਲੈ ਕੇ ਤਾਂ ਫਾਈਲ ਬਾਹਰਲੇ ਦੇਸ਼ਾਂ ਚੋਂ ਵੀ ਚੱਲ ਕੇ ਆ ਸਕਦੀ ਹੈ, ਪ੍ਰੰਤੂ ਸਾਡੀ ਫਾਇਲ ਚੱਲੀ ਨੂੰ ਤਿੰਨ ਸਾਲ ਹੋਣ ਤੋਂ ਬਾਅਦ ਵੀ ਅਜੇ ਤੱਕ ਸਾਨੂੰ ਕਿਸੇ ਨਤੀਜੇ ਤੇ ਨਹੀਂ ਪਹੁੰਚਾਇਆ ਗਿਆ਼। ਇਸ ਲਈ ਸਾਡੀ ਯੂਨੀਅਨ ਦੀ ਮੰਗ ਮੁਤਾਬਕ ਇਹ ਸਭਾਵਾਂ ਮਾਰਕਫੈਡ ਵਿੱਚ ਜਲਦੀ ਮਰਜ਼ ਕੀਤੀਆਂ ਜਾਣ ਅਤੇ ਜੋ ਮੰਡੀਕਰਨ ਸਭਾਵਾਂ ਕੋਲੇ ਕਰੋੜਾਂ ਦੀ ਜਾਇਦਾਦ ਹੈ ਉਹ ਵੀ ਮਾਰਕਫੈਡ ਵਿੱਚ ਚਲੀ ਜਾਵੇਗੀ। ਇਸ ਤਰ੍ਹਾਂ ਮੰਡੀਕਰਨ ਸਭਾਵਾ ਨੂੰ ਮਾਰਕਫੈਡ ਵਿੱਚ ਮਰਜ ਕਰਨ ਨਾਲ ਮਾਰਕਫੈਡ ਨੂੰ ਅਰਬਾਂ ਰੁਪਏ ਦਾ ਫਾਇਦਾ ਹੋਵੇਗਾ।