ਡੇਰਾਬੱਸੀ : ਉੜੀਸਾ ਕਲਚਰ ਐਸੋਸੀਏਸ਼ਨ ਵੱਲੋਂ ਡੇਰਾਬੱਸੀ ਦੀ ਸੈਣੀ ਧਰਮਸ਼ਾਲਾ ਵਿੱਚ ਸ਼੍ਰੀ ਗਣੇਸ਼ ਚਤੁਰਥੀ ਦਾ ਪਵਿੱਤਰ ਤੇ ਖੁਸ਼ੀਆਂ ਭਰਿਆ ਤਿਉਹਾਰ ਵੱਡੀ ਧੂਮਧਾਮ ਅਤੇ ਭਗਤੀ ਭਰੇ ਮਾਹੌਲ ਵਿੱਚ ਮਨਾਇਆ ਗਿਆ। ਸਾਰੇ ਸ਼ਰਧਾਲੂਆਂ ਨੇ ਇਕਜੁੱਟ ਹੋ ਕੇ ਸ਼੍ਰੀ ਗਣੇਸ਼ ਜੀ ਦੇ ਜੈਕਾਰਿਆਂ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਭਾਜਪਾ ਨੇਤਾ ਮਨਪ੍ਰੀਤ ਸਿੰਘ ਬੰਨੀ ਸੰਧੂ ਨੇ ਸਾਰੇ ਹਲਕਾ ਨਿਵਾਸੀਆਂ ਨੂੰ ਗਣੇਸ਼ ਚਤੁਰਥੀ ਦੀਆਂ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਬੰਨੀ ਜੀ ਦੇ ਨਾਲ ਪਵਨ ਧੀਮਾਨ ਪੰਮਾ ਮੰਡਲ ਪ੍ਰਧਾਨ (ਸ਼ਹਿਰੀ) ਡੇਰਾਬੱਸੀ, ਸੁਖਦੇਵ ਰਾਣਾ ਮੰਡਲ ਪ੍ਰਧਾਨ (ਦਿਹਾਤੀ), ਅਤੇ ਰਵਿੰਦਰ ਵੈਸ਼ਨਵ,ਰਾਜਿੰਦਰ ਕੁਮਾਰ ਸਮੇਤ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਹਾਜ਼ਰੀ ਭਰੀ। ਸਾਰੇ ਨੇ ਇਹ ਸੰਦੇਸ਼ ਦਿੱਤਾ ਕਿ ਧਾਰਮਿਕ ਤਿਉਹਾਰ ਸਾਨੂੰ ਸਮਾਜਿਕ ਏਕਤਾ ਦੀ ਮਜ਼ਬੂਤੀ ਵੱਲ ਲੈ ਕੇ ਜਾਂਦੇ ਹਨ। ਸਮਾਗਮ ਦੌਰਾਨ ਭਜਨ-ਕੀਰਤਨ, ਸੱਭਿਆਚਾਰਕ ਅਤੇ ਭਗਤੀਮਈ ਗਾਇਕੀ ਨਾਲ ਮਾਹੌਲ ਗੂੰਜ ਉਠਿਆ। ਬੱਚਿਆਂ ਵੱਲੋਂ ਸ਼੍ਰੀ ਗਣੇਸ਼ ਜੀ ਦੀ ਵੰਦਨਾ ਪੇਸ਼ ਕੀਤੀ ਗਈ, ਜਿਨ੍ਹਾਂ ਨੇ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਅੰਤ ਵਿੱਚ ਭਗਤਾਂ ਨੂੰ ਭੋਗ ਤੇ ਪ੍ਰਸਾਦ ਵੰਡਿਆ ਗਿਆ ਅਤੇ ਸਭ ਨੇ ਖੁਸ਼ਹਾਲੀ, ਸਿਹਤਮੰਦੀ ਅਤੇ ਸ਼ਾਂਤੀ ਦੀਆਂ ਅਰਦਾਸਾਂ ਕੀਤੀਆਂ।