ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ 'ਰੀਪ ਬੈਨੀਫਿਟ ਫਾਊਂਡੇਸ਼ਨ ਬੰਗਲੌਰ' ਨਾਮਕ ਐੱਨ.ਜੀ.ਓ. ਦੇ ਸਹਿਯੋਗ ਨਾਲ਼ 'ਸੌਲਵਕੌਨ' ਸਿਰਲੇਖ ਤਹਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਕੋਆਰਡੀਨੇਟਰ ਡਾ. ਅਨਹਦ ਸਿੰਘ ਗਿੱਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਐਂਟਰਪਰੀਨਿਉਰਸਿ਼ਪ, ਈਕੋ ਸੋਸਾਇਟੀ, ਸਟੇਜ ਫੀਅਰ, ਪਬਲਿਕ ਸਪੀਕਿੰਗ, ਏ. ਆਈ., ਸਾਂਝੀ ਸਿੱਖਿਆ ਆਦਿ ਵਿਸਿ਼ਆਂ ਉੱਤੇ ਵਿਚਾਰ ਚਰਚਾ ਕਰਵਾਈ ਗਈ। ਇਸ ਵਿਚਾਰ-ਚਰਚਾ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿਸਿ਼ਆਂ ਨਾਲ਼ ਸਬੰਧਤ ਪੋਸਟਰ ਅਤੇ ਮਾਡਲ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਜਿ਼ੰਦਗੀ ਵਿੱਚ ਆਪਣੇ ਮੰਤਵ ਪ੍ਰਤੀ ਸਪਸ਼ਟ ਹੋਣਾ ਚਾਹੀਦਾ ਹੈ। ਉਨ੍ਹਾਂ ਯੂਨੀਵਰਸਿਟੀ ਵਿੱਚ ਆਪਣੇ ਵਿਦਿਆਰਥੀ ਸਮੇਂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਉਸ ਸਮੇਂ ਇੰਟਰਨੈੱਟ ਨਾ ਹੋਣ ਕਾਰਨ ਕਿਸ ਤਰ੍ਹਾਂ ਖੋਜ ਅਤੇ ਅਕਾਦਮਿਕ ਕਾਰਜਾਂ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਹੁੰਦੀਆਂ ਸਨ। ਉਨ੍ਹਾਂ ਕਿਹਾ ਕਿ ਹੁਣ ਵਿਦਿਆਰਥੀਆਂ ਕੋਲ਼ ਪਹਿਲਾਂ ਦੇ ਮੁਕਾਬਲੇ ਬਹੁਤ ਸਾਰੀਆਂ ਸਹੂਲਤਾਂ ਹਨ ਜਿਨ੍ਹਾਂ ਦਾ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਵੱਖ-ਵੱਖ ਕੋਰਸਾਂ ਵਿੱਚ ਇਸ ਸੈਸ਼ਨ ਤੋਂ ਐਂਟਰਪ੍ਰੀਨਿਉਰਸਿ਼ਪ ਸਬੰਧੀ ਕਰੈਡਿਟਸ ਸ਼ੁਰੂ ਕਰਨ ਬਾਰੇ ਗੱਲ ਕਰਦਿਆਂ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।
ਰੀਪ ਬੈਨੀਫਿਟ ਐੱਨ.ਜੀ.ਓ. ਤੋਂ ਨਵਨੀਤ ਕੌਰ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਸੰਸਥਾ ਵਿਦਿਆਰਥੀਆਂ ਦੀਆਂ ਰਚਨਾਤਮਕ ਬਿਰਤੀਆਂ ਨੂੰ ਨਿਖਾਰ ਅਤੇ ਸਿਰਜਣਾਤਮਕ ਵਿਚਾਰਾਂ ਨੂੰ ਅੱਗੇ ਲਿਆਉਣ ਵਿੱਚ ਕਾਰਜ ਕਰਦੀ ਹੈ।
ਪ੍ਰੋਗਰਾਮ ਦੌਰਾਨ ਤਿੰਨ ਵਿਦਿਆਰਥੀਆਂ ਨੇ ਆਪਣੀ ਜਿ਼ੰਦਗੀ ਦੀਆਂ ਪ੍ਰੇਰਣਾਤਮਕ ਕਹਾਣੀਆਂ ਸਾਂਝੀਆਂ ਕੀਤੀਆਂ। ਅੰਤ ਵਿੱਚ ਐੱਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਡਾ. ਨਮਰਤਾ ਵਡੇਰਾ ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ।
ਪ੍ਰੋਗਰਾਮ ਵਿੱਚ ਐੱਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਡਾ. ਅਭਿਨਵ ਭੰਡਾਰੀ, ਡਾ. ਸਿਮਰਨਜੀਤ ਸਿੱਧੂ, ਡਾ. ਸੁਨੀਤਾ ਅਤੇ ਡਾ. ਚਰਨਜੀਵ ਸਰੋਆ ਸਮੇਤ ਲਗਭਗ 500 ਵਿਦਿਆਰਥੀ ਸ਼ਾਮਿਲ ਹੋਏ।