ਵੇਰਕਾ ਮਿਲਕ ਪਲਾਂਟਾਂ ਵੱਲੋਂ 15 ਹਜ਼ਾਰ ਰਾਸ਼ਨ ਕਿੱਟਾਂ ਵੰਡੀਆਂ ਜਾਣਗੀਆਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਪੰਜਾਬ ਦੇ ਹੜ੍ਹ ਪੀੜਤ ਲੋਕਾਂ ਨਾਲ ਇਕਜੁੱਟਤਾ ਦਿਖਾਉਂਦੇ ਹੋਏ ਪੰਜਾਬ ਮਿਲਕਫੈਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਅੱਜ ਦੁਪਹਿਰ ਵਰਕਾ ਮਿਲਕ ਪਲਾਂਟ, ਮੋਹਾਲੀ ਤੋਂ 700 ਰਾਸ਼ਨ ਕਿੱਟਾਂ ਰਵਾਨਾ ਕੀਤੀਆਂ। ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ ਮਿਲਕਫੈਡ ਨੇ 15 ਹਜ਼ਾਰ ਫੂਡ ਕਿੱਟਾਂ ਹੜ੍ਹ ਪੀੜਤ ਇਲਾਕਿਆਂ ਵਿੱਚ ਭੇਜਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਕਿੱਟਾਂ ਵਿੱਚ ਚੀਨੀ, ਆਟਾ, ਚੌਲ, ਦੁੱਧ ਦਾ ਪਾਉਡਰ, ਪੀਣ ਵਾਲਾ ਪਾਣੀ, ਚਾਹ ਪੱਤੀ, ਬਿਸਕੁੱਟ, ਬਰੈਡ ਅਤੇ ਮਾਚਿਸ ਆਦਿ ਜ਼ਰੂਰੀ ਸਮਾਨ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਵੇਰਕਾ ਅਤੇ ਮਿਲਕਫੈਡ ਪੰਜਾਬ ਹਮੇਸ਼ਾਂ ਹੀ ਪੰਜਾਬੀਆਂ ਨਾਲ ਸੰਕਟ ਅਤੇ ਕੁਦਰਤੀ ਆਫ਼ਤਾਂ ਦੇ ਸਮੇਂ ਮਜ਼ਬੂਤੀ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ, "ਸਾਡੇ ਵੱਡੀ ਗਿਣਤੀ ਕਿਸਾਨ ਮੈਂਬਰ ਪਸ਼ੂ-ਪਾਲਣ ਨਾਲ ਜੁੜੇ ਹਨ, ਇਸ ਲਈ ਇਹ ਸਾਡਾ ਫਰਜ਼ ਹੈ ਕਿ ਅਸੀਂ ਉਨ੍ਹਾਂ ਨੂੰ ਇਸ ਮੁਸ਼ਕਲ ਘੜੀ ਵਿੱਚ ਪੂਰੀ ਮਦਦ ਦਈਏ।" ਉਨ੍ਹਾਂ ਦੱਸਿਆ ਕਿ ਮਿਲਕਫੈਡ ਦੇ ਕੋਲ 10 ਤੋਂ ਵੱਧ ਮਿਲਕ ਪਲਾਂਟ ਅਤੇ ਪਸ਼ੂਆਂ ਦੀ ਫੀਡ ਦੇ ਕੁੱਝ ਯੂਨਿਟ ਹਨ। ਕਿਉਂਕਿ ਇਸ ਸਹਿਕਾਰੀ ਸੰਸਥਾ ਦੀ ਬੋਰਡ ਆਫ਼ ਡਾਇਰੈਕਟਰ ਕਿਸਾਨਾਂ ਚੋਂ ਬਣੀ ਹੈ, ਇਸ ਕਰਕੇ ਅਸੀਂ ਆਪਣੇ ਪਲਾਂਟਾਂ ਅਤੇ ਫੀਡ ਯੂਨਿਟਾਂ ਰਾਹੀਂ ਹੜ੍ਹ ਪੀੜਤਾਂ ਦੀ ਮਦਦ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਸਾਰੇ ਵੇਰਕਾ ਪਲਾਂਟ ਵਾਰੀ-ਵਾਰੀ ਮਨੁੱਖਤਾ ਦੀ ਸੇਵਾ ਕਰਦੇ ਹੋਏ ਰਾਸ਼ਨ ਕਿੱਟਾਂ ਪਹੁੰਚਾਉਣਗੇ ਤਾਂ ਜੋ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਨੂੰ ਲਗਾਤਾਰ ਸਹਾਇਤਾ ਮਿਲਦੀ ਰਹੇ। ਇਸ ਮੌਕੇ ਮੌਜੂਦ ਪ੍ਰਮੁੱਖ ਸਖਸ਼ੀਅਤਾਂ ਵਿੱਚ ਸ੍ਰੀਮਤੀ ਰਾਜ ਲਾਲੀ ਗਿੱਲ, ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ; ਰਾਹੁਲ ਗੁਪਤਾ, ਐਮ.ਡੀ. ਮਿਲਕਫੈਡ; ਹਰਸੁਖਇੰਦਰ ਸਿੰਘ ਬੱਬੀ ਬਾਦਲ, ਪ੍ਰਭਜੋਤ ਕੌਰ, ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਐਸ.ਏ.ਐਸ. ਨਗਰ; ਸਰਬਜੀਤ ਸਿੰਘ ਸਮਾਣਾ, ਕੌਂਸਲਰ; ਵਿਕਰਮਜੀਤ ਸਿੰਘ ਮਾਹਲ, ਜੀ.ਐੱਮ. ਵੇਰਕਾ ਡੇਅਰੀ ਮੋਹਾਲੀ; ਪਰਮਜੀਤ ਕੌਰ; ਬੰਤ ਸਿੰਘ; ਰਣਜੀਤ ਸਿੰਘ; ਬਲਜਿੰਦਰ ਸਿੰਘ; ਮਨਿੰਦਰਜੀਤ ਸਿੰਘ; ਮਨਿੰਦਰਪਾਲ ਸਿੰਘ; ਜਸਵਿੰਦਰ ਸਿੰਘ; ਗੁਰਿੰਦਰ ਸਿੰਘ; ਗੁਰਮੀਤ ਸਿੰਘ; ਹਰਕੇਤ ਸਿੰਘ; ਸੁਰਜੀਤ ਸਿੰਘ ਵੇਰਕਾ; ਅਮਰਜੀਤ ਸਿੰਘ ਅਤੇ ਇੰਦ ਸਿੰਘ (ਦੋਵੇਂ ਵਰਕਾ ਪਲਾਂਟ ਤੋਂ) ਸ਼ਾਮਲ ਸਨ।