ਮਹਿਲ ਕਲਾਂ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਅਤੇ ਐਸ ਐਮ ਓ ਮਹਿਲ ਕਲਾਂ ਡਾ. ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਸਿਹਤ ਬਲਾਕ ਮਹਿਲ ਕਲਾਂ ਦੇ ਵੱਖ ਵੱਖ ਸਿਹਤ ਕੇਂਦਰਾਂ, ਸਕੂਲਾਂ ਅਤੇ ਜਨਤਕ ਥਾਵਾਂ ‘ਤੇ ਰਾਸ਼ਟਰੀ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਅਤੇ ਮੌਤ ਉਪਰੰਤ ਅੱਖਾਂ ਦਾਨ ਵਰਗਾ ਮਹਾਨ ਕੰਮ ਕਰਨ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਸੀ ਐਚ ਸੀ ਮਹਿਲ ਕਲਾਂ ਵਿਖੇ ਲੋਕਾਂ ਨੂੰ ਆਪਣੇ ਸੰਬੋਧਨ ਵਿੱਚ ਡਾ. ਗੁਰਤੇਜਿੰਦਰ ਕੌਰ ਨੇ ਦੱਸਿਆ ਕਿ ਇੱਕ ਵਿਅਕਤੀ ਆਪਣੇ ਜੀਵਨ ਤੋਂ ਬਾਅਦ ਅੱਖਾਂ ਦਾਨ ਕਰਕੇ ਦੋ ਨੇਤਰਹੀਣ ਵਿਅਕਤੀਆਂ ਦੀ ਜ਼ਿੰਦਗੀ ਨੂੰ ਰੋਸ਼ਨ ਕਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਮੌਤ ਤੋਂ ਬਾਅਦ 4-6 ਘੰਟੇ ਦੇ ਅੰਦਰ ਕਿਸੇ ਨੇੜੇ ਦੇ ਹਸਪਤਾਲ, ਮੈਡੀਕਲ ਕਾਲਜ ਜਾਂ ਆਈ ਬੈਂਕ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਐਨਕ ਲੱਗੀ ਵਾਲੇ, ਲੈਂਜ਼ ਪਏ ਹੋਣ ਜਾਂ ਅੱਖਾਂ ਦਾ ਆਪ੍ਰੇਸ਼ਨ ਹੋਇਆ ਹੋਵੇ ਤਾਂ ਵੀ ਵਿਅਕਤੀ ਅੱਖਾਂ ਦਾਨ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਪੀਲੀਆ, ਬਲੱਡ ਕੈਂਸਰ, ਏਡਜ਼ ਅਤੇ ਦਿਮਾਗੀ ਬੁਖਾਰ ਵਾਲੇ ਵਿਅਕਤੀ ਦੀਆਂ ਅੱਖਾਂ ਦਾਨ ਨਹੀਂ ਕੀਤੀਆਂ ਜਾ ਸਕਦੀਆਂ।