ਸੁਨਾਮ : ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਸੁਨਾਮ ਇਕਾਈ ਦੇ ਪ੍ਰਧਾਨ ਪਵਨ ਗੁੱਜਰਾਂ ਨੇ ਗੰਭੀਰ ਬੀਮਾਰੀਆਂ ਕੈਂਸਰ ਅਤੇ ਹਾਰਟ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ‘ ਜ਼ੀਰੋ ਫ਼ੀਸਦੀ ਜੀ.ਐਸ.ਟੀ. ਅਧੀਨ ਲਿਆਉਣ ਦੀ ਮੰਗ ਕੀਤੀ ਹੈ। ਪੰਜਾਬ ਪ੍ਰਦੇਸ਼ ਵਪਾਰ ਮੰਡਲ (ਰਜਿ.) ਦੀ ਇੱਕ ਮੀਟਿੰਗ ਦੌਰਾਨ ਮੰਡਲ ਦੇ ਯੂਨਿਟ ਪ੍ਰਧਾਨ ਪਵਨ ਗੁੱਜਰਾਂ ਨੇ ਆਖਿਆ ਕਿ ਮੌਜੂਦਾ ਸਮੇਂ ਲਗਭਗ ਹਰ ਘਰ ਵਿੱਚ ਘੱਟੋ-ਘੱਟ ਇੱਕ ਵਿਅਕਤੀ ਗੰਭੀਰ ਬੀਮਾਰੀ (ਕੈਂਸਰ, ਹਾਰਟ) ਨਾਲ ਪੀੜਤ ਹੈ ਕਿਉਂਕਿ ਪੀੜਤ ਵਿਅਕਤੀ ਦੀਆਂ ਦਵਾਈਆਂ ‘ਤੇ ਟੈਕਸ ਕਿਸੇ ਦਵਾਈ ਉਪਰ 5% ਅਤੇ ਕਿਸੇ ਉਪਰ 12% ਹੈ ਜਿਸ ਕਾਰਨ ਰੋਜ਼ਮਰਾ ਦੀਆਂ ਲੋੜਾਂ ਨਾਲੋਂ ਇਹਨਾਂ ਦਵਾਈਆਂ ਉਪਰ ਕਿਤੇ ਜ਼ਿਆਦਾ ਖਰਚਾ ਹੁੰਦਾ ਹੈ, ਇਸ ਲਈ ਇਹਨਾਂ ਦਵਾਈਆਂ ਨੂੰ ਜ਼ੀਰੋ ਫੀਸਦੀ ਅਧੀਨ ਲਿਆਂਦਾ ਜਾਵੇ ਤਾਂ ਜੋ ਸਬੰਧਿਤ ਪੀੜਤ ਦੇ ਪਰਿਵਾਰ ਨੂੰ ਕੁਝ ਰਾਹਤ ਮਿਲ ਸਕੇ। ਉਹਨਾਂ ਕਿਹਾ ਕਿ 3 ਅਤੇ 4 ਸਤੰਬਰ ਨੂੰ ਦਿੱਲੀ ਵਿਖੇ 56ਵੀਂ ਮੀਟਿੰਗ ਜੀ.ਐਸ.ਟੀ. ਦੀਆਂ ਦਰਾਂ ਨੂੰ ਘਟਾਉਣ ਲਈ ਹੋਣ ਜਾ ਰਹੀ ਹੈ ਅਤੇ ਆਜ਼ਾਦੀ ਦਿਵਸ ਮੌਕੇ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਐਲਾਨ ਕੀਤਾ ਸੀ ਕਿ ਜਲਦ ਹੀ ਦੇਸ਼ ਦੀ ਜਨਤਾ ਨੂੰ ਜੀ.ਐਸ.ਟੀ. ਦੀਆਂ ਚਾਰ ਸਲੈਬਾਂ ਤੋਂ ਦੋ ਸਲੈਬਾਂ ਵਿੱਚ ਕਰਕੇ ਤੋਹਫਾ ਦਿੱਤਾ ਜਾਵੇਗਾ। ਪ੍ਰਧਾਨ ਪਵਨ ਗੁੱਜਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੀ.ਐਸ.ਟੀ. ਦੀਆਂ ਘਟਾਈਆਂ ਜਾ ਰਹੀਆਂ ਸਲੈਬਾਂ ਤਹਿਤ ਇਹਨਾਂ ਗੰਭੀਰ ਬੀਮਾਰੀਆਂ ਦੀਆਂ ਦਵਾਈਆਂ ਨੂੰ ਜ਼ੀਰੋ ਅਧੀਨ ਲਿਆਂਦਾ ਜਾਵੇਗਾ ਤਦ ਹੀ ਸਰਕਾਰ ਵੱਲੋਂ ਆਮ ਜਨਤਾ ਲਈ ਤੋਹਫਾ ਹੋਵੇਗਾ। ਇਸ ਮੌਕੇ ਚੰਦਰ ਪ੍ਰਕਾਸ਼, ਰਾਕੇਸ਼ ਕਾਕਾ, ਸੋਮ ਨਾਥ ਵਰਮਾ, ਮਿੰਦੀ ਬਿਜਲੀ ਵਾਲਾ, ਸੁਭਾਸ਼ ਚੰਦ ਆਦਿ ਮੈਂਬਰ ਹਾਜ਼ਰ ਸਨ।