ਖਰੜ : ਸਮਾਜ ਸੇਵਾ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੀ ਅਨਮੋਲ ਮੁਸਕਾਨ ਚੈਰੀਟੇਬਲ ਟਰਸਟ ਦੇ ਸੰਸਥਾਪਕ ਅਤੇ ਪ੍ਰਧਾਨ ਅਤੇ ਪ੍ਰਸਿੱਧ ਵਕੀਲ ਅਮਰਜੀਤ ਕੌਰ ਦੀ ਅਗਵਾਈ ਹੇਠ ਸਮਾਜਿਕ ਭਲਾਈ ਦੇ ਕੰਮ ਜਾਰੀ ਹੈ।
ਬੇਸਹਾਰਾ ਅਤੇ ਗਰੀਬ ਔਰਤਾਂ ਦੀ ਆਵਾਜ਼ ਬਣ ਕੇ ਖੜ੍ਹੀ ਹੋਈ ਐਡਵੋਕੇਟ ਅਮਰਜੀਤ ਕੌਰ ਨਾ ਸਿਰਫ਼ ਔਰਤਾਂ ਦੇ ਹੱਕਾਂ ਲਈ ਮਜ਼ਬੂਤੀ ਨਾਲ ਲੜ ਰਹੀ ਹੈ, ਸਗੋਂ ਬਜ਼ੁਰਗਾਂ ਦੀ ਸੇਵਾ ਅਤੇ ਗਰੀਬ ਕੁੜੀਆਂ ਦੇ ਵਿਆਹ ਕਰਾਉਣ ਵਰਗੀਆਂ ਸਮਾਜਿਕ ਸੇਵਾਵਾਂ ਵਿੱਚ ਵੀ ਵਡਮੁੱਲਾ ਯੋਗਦਾਨ ਪਾ ਰਹੀ ਹੈ।
ਇਸੇ ਹੀ ਲੜੀ ਵਿੱਚ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ, ਅਨਮੋਲ ਮੁਸਕਾਨ ਚੈਰੀਟੇਬਲ ਟਰਸਟ ਨੇ ਪਿੰਡ ਰਡਿਆਲਾ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਡਿਜੀਟਲ ਸਿੱਖਿਆ ਨਾਲ ਜੋੜਨ ਲਈ ਇੱਕ ਵੱਡਾ ਉਪਰਾਲਾ ਕੀਤਾ ਹੈ। ਇਸ ਮੌਕੇ ਸੰਸਥਾ ਵੱਲੋਂ ਸਕੂਲ ਨੂੰ 54 ਇੰਚ ਦੀ ਉੱਚ ਗੁਣਵੱਤਾ ਵਾਲੀ ਐਲ.ਈ.ਡੀ. ਸਕਰੀਨ ਭੇਂਟ ਕੀਤੀ ਗਈ, ਤਾਂ ਜੋ ਬੱਚੇ ਆਧੁਨਿਕ ਸਿੱਖਣ ਦੇ ਸਾਧਨਾਂ ਨਾਲ ਜੁੜ ਸਕਣ।
ਇਸ ਮੌਕੇ ਐਡਵੋਕੇਟ ਅਮਰਜੀਤ ਕੌਰ ਨੇ ਕਿਹਾ ਕਿ ਅੱਜ ਡਿਜ਼ੀਟਲ ਟੈਕਨੋਲੋਜੀ ਸਾਡੇ ਜੀਵਨ ਦਾ ਅਟੁੱਟ ਹਿੱਸਾ ਬਣ ਚੁੱਕੀ ਹੈ। ਹਾਲਾਂਕਿ ਕਈ ਵਾਰ ਆਰਥਿਕ ਤੰਗੀ ਅਤੇ ਸਹੂਲਤਾਂ ਦੀ ਘਾਟ ਕਾਰਨ ਵਿਦਿਆਰਥੀਆਂ ਲਈ ਡਿਜੀਟੂਲ ਸਾਖਰਤਾ ਤੱਕ ਪਹੁੰਚ ਸੰਭਵ ਨਹੀਂ ਹੁੰਦੀ। ਇਸ ਲਈ ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਹਰ ਵਿਦਿਆਰਥੀ ਡਿਜੀਟਲ ਪਲੇਟਫਾਰਮ ਦੀ ਵਰਤੋਂ ਕਰ ਸਕੇ।
ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਸਕੂਲਾਂ ਨੂੰ ਡਿਜ਼ੀਟਲ ਸਾਖਰਤਾ ਪਾਠਕ੍ਰਮ ਲਾਗੂ ਕਰਨ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ, ਤਾਂ ਜੋ ਨਵੀਂ ਪੀੜ੍ਹੀ ਗਿਆਨ ਦੇ ਹਰ ਪੱਖ ਵਿੱਚ ਮਾਹਰ ਹੋ ਸਕੇ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕੇ।