ਨਾਡਾ ਵਿਖੇ ਛਿੰਝ ਮੇਲੇ ਚ ਕੀਤੀ ਸ਼ਮੂਲੀਅਤ, ਖੇਡਾਂ ਦੇ ਵਿਕਾਸ ਲਈ ਇੱਕ ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ
ਨਵਾਂ ਗਾਉਂ : ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਅੱਜ ਪਿੰਡ ਨਾਡਾ ਦੇ ਦੰਗਲ ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕਰਦਿਆਂ ਆਖਿਆ ਕਿ ਸੂਬੇ ਵਿੱਚ ਖੇਡਾਂ ਅਤੇ ਖੇਡ ਸੱਭਿਆਚਾਰ ਨੂੰ ਉਤਸ਼ਾਹ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਣੀ ਸਰਕਾਰ ਦੌਰਾਨ ਮਿਲਿਆ।
ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਨਾਲ ਸੂਬੇ ਦੇ ਉਭਰਦੇ ਖਿਡਾਰੀਆਂ ਨੂੰ ਇੱਕ ਅਜਿਹਾ ਮੰਚ ਮਿਲਿਆ ਕਿ ਉਹ ਆਪਣੇ ਸੂਬਾਈ, ਕੌਮੀ ਅਤੇ ਕੌਮਾਂਤਰੀ ਪੱਧਰ ਤੇ ਨਾਮਣਾ ਖੱਟਣ ਦੇ ਸੁਫ਼ਨਿਆਂ ਨੂੰ ਪੂਰਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਮੌਕੇ ਹੀ ਸੰਭਵ ਹੋਇਆ ਹੈ ਕਿ ਕੌਮਾਂਤਰੀ ਖੇਡ ਮੁਕਾਬਲਿਆਂ (ਏਸ਼ੀਆਈ ਤੇ ਉਲੰਪਿਕ ਖੇਡਾਂ ਆਦਿ) ਲਈ ਚੁਣੇ ਗਏ ਸੂਬੇ ਨਾਲ ਸਬੰਧਤ ਖਿਡਾਰੀਆਂ ਨੂੰ ਤਿਆਰੀ ਕਰਨ ਲਈ ਹੀ ਪ੍ਰਤੀ ਖਿਡਾਰੀ ਲੱਖਾਂ ਰੁਪਏ ਦੀ ਗਰਾਂਟ ਵਿਅਕਤੀਗਤ ਤੌਰ ਤੇ ਜਾਰੀ ਕੀਤੀ ਗਈ। ਹੋਰ ਤਾਂ ਹੋਰ, ਅੰਤਰ ਰਾਸ਼ਟਰੀ ਪੱਧਰ ਤੇ ਦੇਸ਼ ਅਤੇ ਪੰਜਾਬ ਦਾ, ਮੈਡਲ ਲੈ ਕੇ ਨਾਮ ਰੌਸ਼ਨ ਕਰਨ ਵਾਲੇ ਸੂਬੇ ਦੇ ਖਿਡਾਰੀਆਂ ਨੂੰ ਨਗਦ ਇਨਾਮਾਂ ਦੇ ਨਾਲ ਨਾਲ ਉੱਚ ਅਹੁਦੇ ਦੇ ਕੇ ਸਨਮਾਨ ਕੀਤਾ ਗਿਆ।
ਉਨ੍ਹਾਂ ਇਸ ਪਿੰਡ ਦੇ ਲੋਕਾਂ ਅਤੇ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਸਾਰਿਆਂ ਨੇ ਗੜ੍ਹਸ਼ੰਕਰ ਹਲਕੇ ਤੋਂ ਚੋਣ ਲੜਨ ਦੌਰਾਨ ਉਨ੍ਹਾਂ ਲਈ ਵਿਸ਼ੇਸ਼ ਤੌਰ ਤੇ ਆ ਕੇ ਮਦਦ ਕੀਤੀ। ਉਨ੍ਹਾਂ ਕਿਹਾ ਕਿ 2017 ਦੀ ਜਿੱਤ ਤੋਂ ਬਾਅਦ 2022 ਦੀ ਜਿੱਤ ਦਾ ਅੰਤਰ ਤਿੰਨ ਗੁਣਾ ਹੋਣਾ ਵੀ ਅਜਿਹੇ ਸੁਹਿਰਦ ਲੋਕਾਂ ਸਦਕਾ ਹੀ ਸੰਭਵ ਹੋਇਆ।
ਡਿਪਟੀ ਸਪੀਕਰ ਨੇ ਦੰਗਲ ਕਮੇਟੀ ਵੱਲੋਂ ਛਿੰਝ ਦੀ ਪੁਰਾਣੀ ਰਵਾਇਤ ਨੂੰ ਜਿਉਂਦਾ ਰੱਖਣ ਅਤੇ ਪੰਜਾਬ ਦੀ ਇਸ ਵਿਰਾਸਤੀ ਖੇਡ ਨੂੰ ਜਾਰੀ ਰੱਖਣ ਲਈ ਵਧਾਈ ਦਿੰਦਿਆਂ ਕਿਹਾ ਕਿ ਸੂਬੇ ਦੀ ਨੌਜੁਆਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਰਕਾਰ ਵੱਲੋਂ ਖੇਡ ਮੈਦਾਨਾਂ ਦੀ ਸਥਾਪਤੀ ਦੇ ਨਾਲ ਨਾਲ ਯੁੱਧ ਨਸ਼ਿਆਂ ਵਿਰੁੱਧ ਵੀ ਵੱਡੇ ਪੱਧਰ ਤੇ ਛੇੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਨਸ਼ਾ ਤਸਕਰਾਂ ਨੂੰ ਭਾਜੜਾਂ ਪਈਆਂ ਹੋਈਆਂ ਹਨ ਅਤੇ ਪੀੜਤ ਨੌਜੁਆਨਾਂ ਦਾ ਮੁਫ਼ਤ ਇਲਾਜ ਮੁੱਹਈਆ ਕਰਵਾਉਣ ਤੋਂ ਇਲਾਵਾ ਉਨ੍ਹਾਂ ਨੂੰ ਹੱਥੀਂ ਹੁਨਰ ਸਿਖਾ ਕੇ, ਉਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ।
ਉਨ੍ਹਾਂ ਇਸ ਮੌਕੇ ਪਿੰਡ ਵਿੱਚ ਖੇਡਾਂ ਦੇ ਵਿਕਾਸ ਲਈ ਇੱਕ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕਰਨ ਦੇ ਨਾਲ ਇਏਹ ਵੀ ਭਰੋਸਾ ਦਿੱਤਾ ਕਿ ਉਹ ਕਿਸੇ ਵੀ ਲੋੜ ਸਮੇਂ ਪਿੰਡ ਵਾਸੀਆਂ ਦੀ ਮੱਦਦ ਲਈ ਤਿਆਰ ਰਹਿਣਗੇ।
ਇਸ ਮੌਕੇ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਵੀ ਆਪਣੇ ਸੰਬੋਧਨ ਚ ਪੰਜਾਬ ਦੇ ਨੌਜੁਆਨਾਂ ਦੇ ਸਹੀ ਮਾਰਗ ਦਰਸ਼ਨ ਲਈ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਨੂੰ ਪੂਰੀ ਤਰ੍ਹਾਂ ਕਾਮਯਾਬ ਕਰਨ ਲਈ ਲੋਕਾਂ ਪਾਸੋਂ ਸਹਿਯੋਗ ਦੀ ਮੰਗ ਕੀਤੀ।
ਇਸ ਮੌਕੇ ਪ੍ਰਬੰਧਕਾਂ ਵਿੱਚ ਸ਼ਾਮਿਲ ਰਾਜਬੀਰ ਸਿੰਘ ਲਾਲੀ, ਜਗਤਾਰ ਸਿੰਘ, ਬਿੱਟੂ, ਅਵਤਾਰ ਸਿੰਘ ਅਤੇ ਸਮੂਹ ਦੰਗਲ ਕਮੇਟੀ ਵੱਲੋਂ ਮੁੱਖ ਮਹਿਮਾਨ ਦਾ ਦੰਗਲ ਮੇਲੇ ਚ ਸ਼ਮੂਲੀਅਤ ਕਰਨ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਗਿਆ।