ਗੁਰਮਤਿ ਫ਼ਲਸਫ਼ੇ ਨੇ ਸਾਨੂੰ ਚੜ੍ਹਦੀ ਕਲਾ ਦੇ ਸੰਕਲਪ ਨਾਲ਼ ਜਿਉਣ ਦੀ ਜਾਚ ਸਿਖਾਈ ਹੈ : ਡਾ. ਸਰਬਜੀਤ ਸਿੰਘ ਰੇਣੂਕਾ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350ਵੇਂ ਸਾਲ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਵਿੱਚ ਪੰਜਵਾਂ ਪ੍ਰੋਗਰਾਮ ਕਰਵਾਇਆ ਗਿਆ। ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਅਤੇ ਇੰਜਨੀਅਰਿੰਗ ਵਿਭਾਗ ਵੱਲੋਂ ਸੁਕ੍ਰਿਤ ਟਰੱਸਟ ਲੁਧਿਆਣਾ ਦੇ ਸਹਿਯੋਗ ਨਾਲ਼ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ 'ਸ੍ਰੀ ਗੁਰੂ ਤੇਗ ਬਹਾਦਰ ਜੀ: ਸਿੱਖਿਆਵਾਂ ਅਤੇ ਸ਼ਹਾਦਤ "ਇਹ ਖੇਲ ਕਠਨੁ ਹੈ"' ਵਿਸ਼ੇ ਉੱਤੇ ਚਰਚਾ ਕੀਤੀ ਗਈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਇੱਕ ਅਜਿਹੀ ਮਹਾਨ ਸ਼ਹਾਦਤ, ਜਿਸ ਵਰਗੀ ਮਿਸਾਲ ਪੂਰੀ ਦੁਨੀਆਂ ਵਿੱਚ ਕਿਤੇ ਵੀ ਹੋਰ ਨਹੀਂ ਮਿਲਦੀ, ਨਾਲ਼ ਸਬੰਧਤ 350ਵੇਂ ਸਾਲ ਨੂੰ ਸਮਰਪਿਤ ਸਮਾਗਮ ਕਰਵਾਉਣੇ ਸਾਡੇ ਹਿੱਸੇ ਆਏ ਹਨ। ਉਨ੍ਹਾਂ ਕਿਹਾ ਕਿ ਗਿਆਨ ਦਾ ਚਾਨਣ ਵੰਡ ਰਹੀ ਪੰਜਾਬੀ ਯੂਨੀਵਰਸਿਟੀ ਤਾਂ ਇਸ ਪੱਖੋਂ ਵੀ ਖੁਸ਼ਕਿਸਮਤ ਹੈ ਕਿ ਇਹ ਅਜਿਹੇ ਇਲਾਕੇ ਵਿੱਚ ਹੈ ਜਿਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੀ ਸ਼ਹਾਦਤ ਅਤੇ ਸਿੱਖਿਆਵਾਂ ਦੀ ਵਿਲੱਖਣਤਾ ਨੂੰ ਸਮਝਦਿਆਂ ਆਪਣੀ ਜਿ਼ੰਦਗੀ ਵਿੱਚ ਇਸ ਤੋਂ ਸੇਧ ਲੈਣ ਦੀ ਲੋੜ ਹੈ।
ਮੁੱਖ ਵਕਤਾ ਡਾ. ਸਰਬਜੀਤ ਸਿੰਘ ਰੇਣੂਕਾ ਨੇ ਕਿਹਾ ਕਿ ਸੰਸਾਰ ਭਰ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਬਹੁਤ ਬਾਅਦ ਵਿੱਚ ਤੁਰੀ ਹੈ ਪਰ ਸਾਡੇ ਗੁਰੂ ਸਾਹਿਬ ਨੇ ਬਹੁਤ ਪਹਿਲਾਂ ਕਿਸੇ ਦੂਜੇ ਧਰਮ ਦੇ ਲੋਕਾਂ ਦੀ ਧਾਰਮਿਕ ਅਜ਼ਾਦੀ ਬਰਕਰਾਰ ਰੱਖਣ ਲਈ ਆਪਣੀ ਸ਼ਹਾਦਤ ਦੇ ਦਿੱਤੀ ਸੀ। ਉਨ੍ਹਾਂ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਹਵਾਲੇ ਦੇ ਕੇ ਦੱਸਿਆ ਕਿ ਕਿਸ ਤਰ੍ਹਾਂ ਗੁਰਮਤਿ ਫ਼ਲਸਫ਼ੇ ਨੇ ਸਾਨੂੰ ਚੜ੍ਹਦੀ ਕਲਾ ਦੇ ਸੰਕਲਪ ਨਾਲ਼ ਜਿਉਣ ਦੀ ਜਾਚ ਸਿਖਾਈ ਹੈ। ਉਨ੍ਹਾਂ ਦੱਸਿਆ ਕਿ ਗੁਰੂ ਜੀ ਨੇ ਸਾਨੂੰ ਦੁੱਖ ਅਤੇ ਸੁੱਖ ਨੂੰ ਬਰਾਬਰ ਮੰਨ ਕੇ ਹਰ ਹਾਲਤ ਵਿੱਚ ਉਤਸ਼ਾਹ ਨਾਲ਼ ਜਿਉਣਾ ਸਿਖਾਇਆ ਹੈ।
ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਹੁਣ ਜਦੋਂ ਮਨੁੱਖ ਇਕੱਲਤਾ ਅਤੇ ਸਵੈ-ਕੇਂਦਰਿਤ ਹੋਣ ਨਾਲ਼ ਜੁੜੀਆਂ ਵੱਖ-ਵੱਖ ਸਮੱਸਿਆਵਾਂ ਹੰਢਾ ਰਿਹਾ ਹੈ ਅਤੇ ਹਰ ਪਾਸੇ ਪਦਾਰਥਵਾਦ ਹਾਵੀ ਹੋ ਰਿਹਾ ਹੈ ਤਾਂ ਅਜਿਹੀ ਸਥਿਤੀ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਅਤੇ ਸਿੱਖਿਆਵਾਂ ਦੇ ਅਰਥ ਹੋਰ ਵੀ ਵਧੇਰੇ ਮਹੱਤਵ ਗ੍ਰਹਿਣ ਕਰ ਗਏ ਹਨ।
ਪ੍ਰੋ. ਪਰਮਵੀਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਗੁਰੂ ਸਾਹਿਬ ਦੇ ਫ਼ਲਸਫ਼ੇ ਨੇ ਸਾਨੂੰ ਕਿਸੇ ਵੀ ਸਥਿਤੀ ਨਾਲ਼ ਜਿ਼ੰਮੇਵਾਰੀ ਸਹਿਤ ਨਜਿੱਠਣਾ ਸਿਖਾਇਆ ਹੈ। ਗੁਰਮਤਿ ਫ਼ਲਸਫ਼ੇ ਵਿੱਚ ਸਥਿਤੀਆਂ ਤੋਂ ਭਗੌੜਾ ਹੋਣ ਨੂੰ ਕੋਈ ਥਾਂ ਨਹੀਂ ਹੈ।
ਵਿਭਾਗ ਮੁਖੀ ਪ੍ਰੋ. ਹਿਮਾਂਸ਼ੂ ਅੱਗਵਾਲ ਨੇ ਧੰਨਵਾਦੀ ਭਾਸ਼ਣ ਦਿੱਤਾ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਡਾ. ਸੁਖਵਿੰਦਰ ਸਿੰਘ ਸਰਾਂ ਨੇ ਕੀਤਾ।