ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਵੱਲੋਂ ਔਰਤ ਸਮਾਨਤਾ ਦਿਵਸ ਸਬੰਧੀ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਐਂਡ ਡਰੱਗ ਰਿਸਰਚ ਵਿਭਾਗ ਤੋਂ ਪ੍ਰੋਫ਼ੈਸਰ ਰਿਚਾ ਸ਼੍ਰੀ ਨੇ ਇਸ ਮੌਕੇ 'ਲਿੰਗਕ ਬਰਾਬਰੀ ਵਾਲ਼ੇ ਸੰਸਾਰ ਵੱਲ ਕਦਮ: ਨਿੱਜੀ ਪਹਿਲਕਦਮੀਆਂ' ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸੇ ਗਤੀਵਿਧੀ ਦੇ ਦੂਜੇ ਹਿੱਸੇ ਵਿੱਚ ਉਪ–ਕੁਲਪਤੀ ਡਾ.ਜਗਦੀਪ ਸਿੰਘ ਨੇ ਨਾਰੀ ਅਧਿਐਨ ਕੇਂਦਰ ਵੱਲੋਂ ਸੰਪਾਦਿਤ ਪੁਸਤਕ 'ਐਂਪਾਵਰਿੰਗ ਵਿਮਨ ਫਾਰ ਏ ਸਸਟੇਨੇਬਲ ਫਿਊਚਰ' ਨੂੰ ਰਿਲੀਜ਼ ਕੀਤਾ।
ਉਪ–ਕੁਲਪਤੀ ਡਾ.ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਔਰਤਾਂ ਦੇ ਵਿਅਕਤੀਤਵ ਪ੍ਰਤੀ ਸਹੀ ਸੋਚ ਪੈਦਾ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨਾਰੀ ਅਧਿਐਨ ਕੇਂਦਰ ਵੱਲੋਂ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਵੱਖ-ਵੱਖ ਕਾਰਜਾਂ ਦੀ ਸ਼ਲਾਘਾ ਕੀਤੀ।
ਪ੍ਰੋਫ਼ੈਸਰ ਰਿਚਾ ਸ਼੍ਰੀ ਨੇ ਆਪਣੇ ਨਿੱਜੀ ਅਨੁਭਵਾਂ ਦੇ ਹਵਾਲੇ ਨਾਲ਼ ਗੱਲ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਲਿੰਗਕ ਬਰਾਬਰੀ ਵਾਲ਼ੇ ਸਮਾਜ ਦੀ ਸਿਰਜਣਾ ਦੇ ਰਾਹ ਵਿੱਚ ਚੁਣੌਤੀਆਂ ਆਉਂਦੀਆਂ ਹਨ ਅਤੇ ਉਨ੍ਹਾਂ ਚੁਣੌਤੀਆਂ ਨਾਲ਼ ਕਿਸ ਤਰ੍ਹਾਂ ਨਜਿੱਠਿਆ ਜਾ ਸਕਦਾ ਹੈ।
ਨਾਰੀ ਅਧਿਐਨ ਕੇਂਦਰ ਦੇ ਡਾਇਰੈਕਟਰ ਡਾ. ਹਰਪ੍ਰੀਤ ਕੌਰ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਇਸ ਪ੍ਰੋਗਰਾਮ ਵਿੱਚ ਭਾਗ ਲੈ ਰਹੇ ਵਿਦਿਆਰਥੀਆਂ ਨੂੰ ਇਸ ਅਹਿਮ ਅਤੇ ਸੰਵੇਦਨਸ਼ੀਲ ਮੁੱਦੇ ਉੱਪਰ ਆਪਣਾ ਸਕਾਰਾਤਮਕ ਰਵੱਈਆ ਅਪਣਾਉਣ 'ਤੇ ਜ਼ੋਰ ਦਿੱਤਾ।
ਨਾਰੀ ਅਧਿਐਨ ਕੇਂਦਰ ਵਿੱਚ ਫੀਲਡ ਇਨਵੈਸਟੀਗੇਟਰ ਵਜੋਂ ਕਾਰਜਸ਼ੀਲ ਡਾ.ਅਮਨਦੀਪ ਕੌਰ ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ।
ਪੁਸਤਕ ਰਿਲੀਜ਼ ਸੈਸ਼ਨ ਮੌਕੇ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਅਤੇ ਰਜਿਸਟਰਾਰ ਪ੍ਰੋ. ਦਵਿੰਦਰਪਾਲ ਸਿੰਘ ਸਿੱਧੂ ਵੀ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਕੇਂਦਰ ਵੱਲੋਂ ਸੰਪਾਦਿਤ ਪੁਸਤਕ ਨੂੰ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਹੀ ਛਾਪਿਆ ਗਿਆ ਹੈ।