ਕੁੱਕ ਬੀਬੀਆਂ ਨੂੰ ਸਫ਼ਾਈ ਰੱਖਣ ਦੀ ਹਦਾਇਤ
ਮਲੇਰਕੋਟਲਾ : ਮੁੱਖ ਮੰਤਰੀ ਫੀਲਡ ਅਫਸਰ-ਕਮ-ਸਹਾਇਕ ਕਮਿਸ਼ਨਰ (ਜਨਰਲ) ਰਾਕੇਸ਼ ਗਰਗ ਵਲੋਂ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਥਾਨਕ ਪ੍ਰਾਇਮਰੀ ਸਕੂਲ ਦਾ ਅਚਨਚੇਤ ਦੌਰਾ ਕੀਤਾ ਗਿਆ ਤਾਂ ਜੋ ਸਕੂਲਾਂ ਵਿਚਲੀਆਂ ਤਰੁੱਟੀਆਂ ਨੂੰ ਦੂਰ ਕਰਕੇ ਵਿਦਿਆਰਥੀਆਂ ਨੂੰ ਸਕਾਰਾਤਮਕ ਮਾਹੌਲ ਦਿੱਤਾ ਜਾ ਸਕੇ। ਇਸ ਮੌਕੇ ਉਨ੍ਹਾਂ ਸਕੂਲ ਵਿਚਲੇ ਪਖਾਨਿਆਂ ਦੀ ਸਾਫ ਸਫ਼ਾਈ, ਪੀਣ ਵਾਲੇ ਪਾਣੀ, ਕਲਾਸ ਰੂਮ, ਸਟਾਫ ਦੀ ਹਾਜ਼ਰੀ, ਸਕੂਲ ਦੇ ਬੁਨਿਆਦੀ ਢਾਂਚੇ, ਰਸੋਈ ਆਦਿ ਦਾ ਜਾਇਆ ਲਿਆ । ਉਨ੍ਹਾਂ ਨੇ ਸਕੂਲ ਦੀ ਸਾਫ ਸਫ਼ਾਈ ਦਾ ਵੀ ਪ੍ਰਬੰਧ ਦੇਖਿਆ । ਉਨ੍ਹਾਂ ਸਕੂਲ ਦਾ ਜਾਇਜਾ ਲੈਦਿਆਂ ਕੁੱਕ ਬੀਬੀਆਂ ਵੱਲੋਂ ਵਿਦਿਆਰਥੀਆਂ ਲਈ ਤਿਆਰ ਕੀਤੇ ਜਾ ਰਹੇ (ਮਿਡ ਡੇ ਮਿਲ) ਦੁਪਹਿਰ ਦੇ ਖਾਣੇ ਦਾ ਜਾਇਜ਼ਾ ਲਿਆ। ਉਨ੍ਹਾਂ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਪੌਸ਼ਟਿਕ ਆਹਾਰ ਲਈ ਜਾਗਰੂਕ ਕਰਨ ਲਈ ਵੀ ਕਿਹਾ ਤਾਂ ਜੋ ਬੱਚਿਆ ਦਾ ਸੰਤੁਲਿਤ ਵਿਕਾਸ ਸੰਭਵ ਹੋ ਸਕੇ । ਉਨ੍ਹਾਂ ਕੁੱਕ ਬੀਬੀਆਂ ਨੂੰ ਖਾਣਾ ਤਿਆਰ ਕਰਨ ਵੇਲੇ ਸਾਫ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਦੀ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਮਿਡ ਡੇ ਮੀਲ ਦੀ ਗੁਣਵੱਤਾ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ। ਬੱਚਿਆਂ ਦੀ ਸਿਹਤ ਪ੍ਰਤੀ ਕਿਸੇ ਵੀ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਸਹਾਇਕ ਕਮਿਸ਼ਨਰ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਬਰਸਾਤੀ ਮੌਸਮ ਵਿੱਚ ਖਾਣ-ਪੀਣ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਇਸ ਲਈ ਮਿਡ ਡੇ ਮੀਲ ਲਈ ਆਉਣ ਵਾਲੀ ਸਮੱਗਰੀ ਨੂੰ ਠੀਕ ਢੰਗ ਨਾਲ ਸਾਂਭ ਕੇ ਰੱਖਿਆ ਜਾਵੇ ਅਤੇ ਤਿਆਰੀ ਦੌਰਾਨ ਸਫ਼ਾਈ ਦੇ ਸਭ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਸਬੰਧਤ ਸਟਾਫ ਨੂੰ ਹਦਾਇਤ ਕੀਤੀ ਕਿ ਬਰਸਾਤੀ ਮੌਸਮ ਦੌਰਾਨ ਮਿੱਡ ਡੇਅ ਮੀਲ ਤਹਿਤ ਪ੍ਰਾਪਤ ਸਮਗਰੀ ਦੀ ਉਚਿਤ ਤਰੀਕੇ ਨਾਲ ਵਰਤੋਂ ਅਤੇ ਸਾਂਭ ਸੰਭਾਲ ਕੀਤੀ ਜਾਵੇ । ਇਸ ਮੌਕੇ ਉਨ੍ਹਾਂ ਨੇ ਅਧਿਆਪਕਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਿਰਫ਼ ਪੜ੍ਹਾਈ ਹੀ ਨਹੀਂ, ਸਗੋਂ ਵਿਦਿਆਰਥੀਆਂ ਦੀ ਸਿਹਤ ਅਤੇ ਚੰਗੇ ਆਚਰਣ ‘ਤੇ ਵੀ ਧਿਆਨ ਦੇਣ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਘਰ ਵਿੱਚ ਬੱਚਿਆਂ ਨੂੰ ਪੌਸ਼ਟਿਕ ਭੋਜਨ ਦੇਣ ‘ਤੇ ਧਿਆਨ ਦੇਣ ਤਾਂ ਜੋ ਬੱਚਿਆਂ ਦਾ ਸੰਤੁਲਿਤ ਵਿਕਾਸ ਯਕੀਨੀ ਬਣਾਇਆ ਜਾ ਸਕੇ।