ਇਕ ਬੈੱਡ ਉਤੇ ਦੋ-ਦੋ, ਤਿੰਨ-ਤਿੰਨ ਮਰੀਜ਼ ਪਰ ਸਰਕਾਰ ਹਾਲੇ ਵੀ ਉਦਘਾਟਨਾਂ ਦੀ ਸਿਆਸਤ ਵਿਚ ਰੁੱਝੀ
ਮਾਲੇਰਕੋਟਲਾ : ਰੰਗ-ਰੋਗਣ ਕਰਨ ਤੋਂ ਬਾਅਦ ਇਮਾਰਤਾਂ ਦੇ ਨਵੀਂਕਰਨ ਦੇ ਨਾਮ ਉਤੇ ਉਦਘਾਟਨ ਕਰਨ ਨਾਲ ਲੋਕਾਂ ਦਾ ਇਲਾਜ ਨਹੀਂ ਹੋਵੇਗਾ ਅਤੇ ਨਾ ਹੀ ਲੋਕਾਂ ਨੂੰ ਸਿਹਤ ਸਬੰਧੀ ਸਹੂਲਤਾਂ ਮਿਲ ਸਕਣਗੀਆਂ। ਲੋਕਾਂ ਦਾ ਇਲਾਜ ਤਾਂ ਹੀ ਹੋ ਸਕੇਗਾ ਜੇ ਹਸਪਤਾਲ ਵਿਚ ਡਾਕਟਰਾਂ ਅਤੇ ਹੋਰ ਸਟਾਫ਼ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਜਾਰੀ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਕੀਤਾ। ਉਨ੍ਹਾਂ ਕਿਹਾ ਕਿ ਕੱਲ ਆਮ ਆਦਮੀ ਪਾਰਟੀ ਨੇ 1 ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ ਸਿਵਲ ਹਸਪਤਾਲ ਦੀ ਇਮਾਰਤ ਦਾ ਨਵੀਂਨੀਕਰਨ ਕਰਨ ਦਾ ਉਦਘਾਟਨ ਕੀਤਾ ਹੈ ਅਤੇ ਨਾਲ ਹੀ ਹਸਤਪਾਲ ਦੀ ਐਮਰਜੈਂਸੀ ਦੇ ਨਵੀਂਨੀਕਰਨ ਉਪਰੰਤ ਉਸ ਨੂੰ ਲੋਕਾਂ ਲਈ ਖੋਲ੍ਹਿਆ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਇਹ ਸਿਰਫ਼ ਨਾਟਕ ਹੈ, ਰੰਗ-ਰੋਗਣ ਕਰਨ ਨਾਲ ਕੁੱਝ ਨਹੀਂ ਹੋਣਾ। ਮੀਂਹਾਂ ਕਾਰਨ ਹਸਪਤਾਲ ਦੀ ਸਾਰੀ ਇਮਾਰਤ ਤਿਪ-ਤਿਪ ਕਰ ਰਹੀ ਹੈ। ਇਕ-ਇਕ ਬੈੱਡ ਉਤੇ ਦੋ-ਦੋ, ਤਿੰਨ-ਤਿੰਨ ਮਰੀਜ਼ਾਂ ਨੂੰ ਦਾਖ਼ਲ ਕਰਨਾ ਪੈਂਦਾ ਹੈ। ਜੱਚਾ-ਬੱਚਾ ਕੇਂਦਰ ਲਈ ਬਣਾਈ ਗਈ ਇਮਾਰਤ ਉਤੇ ਮੁੱਖ ਮੈਡੀਕਲ ਅਫ਼ਸਰ ਨੇ ਕਬਜ਼ਾ ਕੀਤਾ ਹੋਇਆ ਹੈ। ਜਿਹੜੀਆਂ ਔਰਤਾਂ ਜਣੇਪੇ ਲਈ ਆਉਂਦੀਆਂ ਹਨ, ਉਨ੍ਹਾਂ ਨੂੰ ਸਾਧਾਰਣ ਵਾਰਡਾਂ ਵਿਚ ਰੱਖਿਆ ਜਾ ਰਿਹਾ ਹੈ। ਕਹਿਣ ਨੂੰ ਜ਼ਿਲ੍ਹੇ ਦਾ ਹਸਪਤਾਲ ਹੈ ਪਰ ਹਾਲਤ ਤੂੜੀ ਦੇ ਕੋਠੇ ਵਰਗੀ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਰੰਗ-ਰੋਗਣ ਕਰਕੇ ਲੋਕਾਂ ਦੀਆਂ ਅੱਖਾਂ ਵਿਚ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਇਮਾਰਤ ਵਿਚ ਹਸਪਤਾਲ ਵਾਲੀਆਂ ਸਹੂਲਤਾਂ ਨਹੀਂ ਹਨ ਬਲਕਿ ਇਹ ਤਾਂ ਇਕ ਰੈਫ਼ਰ ਕੇਂਦਰ ਬਣਿਆ ਹੋਇਆ ਹੈ ਜਿਥੋਂ ਪਟਿਆਲਾ, ਲੁਧਿਆਣਾ, ਸੰਗਰੂਰ ਅਤੇ ਚੰਡੀਗੜ੍ਹ ਨੂੰ ਮਰੀਜ਼ ਰੈਫ਼ਰ ਕੀਤੇ ਜਾਂਦੇ ਹਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਉਦਘਾਟਨਾਂ ਦੀ ਰਾਜਨੀਤੀ ਵਿਚੋਂ ਬਾਹਰ ਆਉਣਾ ਚਾਹੀਦਾ ਹੈ ਅਤੇ ਲੋਕਾਂ ਦੀ ਸਿਹਤ ਸੰਭਾਲ ਲਈ ਹਕੀਕੀ ਰੂਪ ਵਿਚ ਉਪਰਾਲੇ ਕਰਨੇ ਚਾਹੀਦੇ ਹਨ। ਬਾਰਸ਼ਾਂ ਦੇ ਦਿਨ ਹਨ, ਜੋ ਸ਼ਹਿਰ ਦੇ ਹਾਲਾਤ ਹਨ, ਉਸ ਤੋਂ ਜ਼ਾਹਰ ਹੈ ਕਿ ਲੋਕ ਵੱਡੀ ਗਿਣਤੀ ਵਿਚ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਇਲਾਜ ਲਈ ਹਸਪਤਾਲ ਆਉਣਗੇ, ਇਸ ਲਈ ਮਰੀਜ਼ਾਂ ਲਈ ਢੁਕਵੇਂ ਡਾਕਟਰਾਂ, ਨਰਸਾਂ, ਬੈੱਡਾਂ ਅਤੇ ਦਵਾਈਆਂ ਦਾ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਹੈ।