ਮੁੰਬਈ : ਮਹਾਰਾਸ਼ਟਰ ਸਿੱਖ ਸਮਾਜ ਦੀ 11-ਮੈਂਬਰੀ ਤਾਲਮੇਲ ਕਮੇਟੀ ਦੇ ਮੁਖੀ ਭਾਈ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਵੱਲੋਂ ਨਾਂਦੇੜ–ਮੁੰਬਈ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦਿਖਾਉਣ ਤੋਂ ਇਲਾਵਾ, ਸਿੱਖ ਸਮਾਜ ਦੇ ਅਟੁੱਟ ਅੰਗ ਬੰਜਾਰਾ, ਲਬਾਣਾ ਅਤੇ ਸਿਕਲੀਗਰ ਭਾਈਚਾਰਿਆਂ ਸਬੰਧੀ ਭਟਕੇ ਵਿਮੁਕਤ ਜਾਤੀ ਦੇ ਤਹਿਤ ਲੰਮੇ ਸਮੇਂ ਤੋਂ ਲਟਕ ਰਹੇ ਦਸਤਾਵੇਜ਼ੀ ਸੁਧਾਰਾਂ ਨੂੰ ਕੈਬਨਿਟ ਵੱਲੋਂ ਮਨਜ਼ੂਰੀ ਮਿਲਣ ਨਾਲ ਅੱਜ ਦਾ ਦਿਨ ਸਿੱਖ ਕੌਮ ਲਈ ਇਤਿਹਾਸਕ ਬਣ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਵਿਕਾਸ ਦਾ ਨਹੀਂ, ਸਗੋਂ ਬਰਾਬਰੀ ਅਤੇ ਨਿਆਂ ਵੱਲ ਵੱਡਾ ਕਦਮ ਹੈ। ਇਸ ਲਈ ਮੁੱਖ ਮੰਤਰੀ ਫੜਨਵੀਸ ਅਤੇ ਮਹਾਰਾਸ਼ਟਰ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ।
ਭਾਈ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਦਮਦਮੀ ਟਕਸਾਲ ਦੇ ਆਗੂ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੇ ਮਾਰਗ ਦਰਸ਼ਨ ਅਤੇ ਯੋਗਦਾਨ ਨਾਲ ਅਤੇ ਖ਼ਾਸ ਤੌਰ ‘ਤੇ ਮੁੱਖ ਮੰਤਰੀ ਫੜਨਵੀਸ ਜੀ ਦੇ ਦ੍ਰਿੜ੍ਹ ਸੰਕਲਪ ਨਾਲ ਇਹ ਇਤਿਹਾਸਕ ਪਲ ਸੰਭਵ ਹੋ ਸਕਿਆ ਹੈ।
ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਮੁੱਖ ਮੰਤਰੀ ਤੋਂ ਕੀਤੀਆਂ ਗਈਆਂ ਮੰਗਾਂ ਮੁੰਬਈ ਤੋਂ ਨਾਂਦੇੜ ਸਾਹਿਬ ਲਈ ਵੰਦੇ ਭਾਰਤ ਰੇਲ ਸੇਵਾ ਅਤੇ ਬੰਜਾਰਾ, ਲਬਾਣਾ ਅਤੇ ਸਿਕਲੀਗਰ ਸਿੱਖ ਸਮਾਜ ਪ੍ਰਤੀ ਦਸਤਾਵੇਜ਼ੀ ਸੁਧਾਰ ਅੱਜ ਪੂਰੇ ਹੋ ਗਏ ਹਨ।
ਕੈਬਨਿਟ ਦੇ ਇਸ ਫ਼ੈਸਲੇ ਨਾਲ ਸਿੱਖ ਬੰਜਾਰਾ, ਲਬਾਣਾ ਅਤੇ ਸਿਕਲੀਗਰ ਸਮਾਜ ਲਈ ਜਾਤੀ/ਦਸਤਾਵੇਜ਼ੀ ਪ੍ਰਮਾਣ ਪੱਤਰ ਸਬੰਧੀ ਲੰਮੇ ਸਮੇਂ ਤੋਂ ਲਟਕ ਰਹੇ ਸੁਧਾਰਾਂ ਨੂੰ ਮਨਜ਼ੂਰੀ ਮਿਲੀ ਹੈ। ਇਸ ਨਾਲ ਉਨ੍ਹਾਂ ਲਈ ਸਿੱਖਿਆ, ਰਿਹਾਇਸ਼, ਰੁਜ਼ਗਾਰ ਅਤੇ ਭਲਾਈ ਸਮੇਤ ਕਈ ਸਰਕਾਰੀ ਯੋਜਨਾਵਾਂ ਤੱਕ ਪਹੁੰਚ ਆਸਾਨ ਹੋਵੇਗੀ।
ਨਾਂਦੇੜ–ਮੁੰਬਈ ਵੰਦੇ ਭਾਰਤ ਰੇਲ ਦੀ ਸ਼ੁਰੂਆਤ ’ਤੇ ਭਾਈ ਸਿੱਧੂ ਨੇ ਕਿਹਾ ਕਿ 29 ਸਤੰਬਰ 2024 ਨੂੰ ਵਾਸ਼ੀ ਸੀਡਕੋ ਸਮਾਗਮ ਦੌਰਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਮੁੰਬਈ ਤੋਂ ਸੱਚਖੰਡ ਤਖ਼ਤ ਸ੍ਰੀ ਨਾਂਦੇੜ ਸਾਹਿਬ ਲਈ ਵੰਦੇ ਭਾਰਤ ਰੇਲਗੱਡੀ ਚਲਾਉਣ ਦੀ ਮੰਗ ਕੀਤੀ ਗਈ ਸੀ, ਜਿਸ ਦੀ ਤਸਦੀਕ 11 ਅਕਤੂਬਰ 2024 ਨੂੰ ਰੇਲ ਮੰਤਰੀ ਨੂੰ ਭੇਜੇ ਗਏ ਪੱਤਰ ਰਾਹੀਂ ਕੀਤੀ ਗਈ ਸੀ। ਉਹ ਮੰਗ ਅੱਜ ਹਕੀਕਤ ਬਣੀ ਹੈ। ਇਸ ਰੇਲ ਸੇਵਾ ਨਾਲ ਨਾ ਸਿਰਫ਼ ਯਾਤਰਾ ਤੇਜ਼, ਆਰਾਮਦਾਇਕ ਅਤੇ ਸੁਰੱਖਿਅਤ ਹੋਵੇਗੀ, ਸਗੋਂ ਲੱਖਾਂ ਸ਼ਰਧਾਲੂਆਂ ਦਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਲ ਆਤਮਿਕ, ਸਭਿਆਚਾਰਕ ਅਤੇ ਆਰਥਿਕ ਨਾਤਾ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਫੜਨਵੀਸ ਨੇ ਮੁੰਬਈ ਦੇ ਰਾਜ ਸਕੱਤਰੇਤ ਤੋਂ ਵੀਡੀਓ ਕਾਨਫ਼ਰੰਸ ਰਾਹੀਂ ਇਸ ਰੇਲ ਨੂੰ ਹਰੀ ਝੰਡੀ ਦਿਖਾਈ, ਜਦੋਂਕਿ ਨਾਂਦੇੜ ਰੇਲਵੇ ਸਟੇਸ਼ਨ ‘ਤੇ ਰਸਮੀ ਸਮਾਰੋਹ ਆਯੋਜਿਤ ਹੋਇਆ। ਨਾਂਦੇੜ–ਮੁੰਬਈ ਵਿਚਕਾਰ ਯਾਤਰਾ ਸਮਾਂ ਹੋਰ ਰੇਲਗੱਡੀਆਂ ਦੇ ਮੁਕਾਬਲੇ ਲਗਭਗ 2 ਘੰਟੇ ਘੱਟ ਹੋਵੇਗਾ। ਪਹਿਲੀ ਵਿਸ਼ੇਸ਼ ਰਵਾਨਗੀ ਸਮੇਂ ਫੁੱਲਾਂ ਨਾਲ ਸਜਾਈ ਗਈ ਇਹ ਰੇਲਗੱਡੀ ਸਵੇਰੇ 11:20 ਵਜੇ ਹਜ਼ੂਰ ਸਾਹਿਬ ਨਾਂਦੇੜ ਤੋਂ ਚੱਲੀ, ਜੋ ਰਾਤ 9:55 ਵਜੇ ਮੁੰਬਈ ਪਹੁੰਚੇਗੀ।