ਫ਼ਤਿਹਗੜ੍ਹ ਸ਼ੰਨਾ : ਮੇਰਾ ਯੂਵਾ ਭਾਰਤ ਪਟਿਆਲਾ ਵਲੋਂ ਅਕਾਲ ਅਕੈਡਮੀ ਫ਼ਤਿਹਗੜ੍ਹ ਸ਼ੰਨਾ ਵਿੱਚ ਇੱਕ ਦਿਨਾ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਜ਼ਿਲ੍ਹਾ ਯੁਵਾ ਅਧਿਕਾਰੀ ਵੀਰਦੀਪ ਕੌਰ ਦੇ ਨਿਰਦੇਸ਼ਾਂ ਅਨੁਸਾਰ ਕੀਤਾ ਗਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਬੱਚਿਆਂ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਫਲੈਗਸ਼ਿਪ ਸਕੀਮਾਂ ਬਾਰੇ ਜਾਣਕਾਰੀ ਦੇਣਾ ਅਤੇ ਉਨ੍ਹਾਂ ਨੂੰ ਭਵਿੱਖ ਲਈ ਜਾਗਰੂਕ ਕਰਨਾ ਸੀ।
ਇਸ ਮੌਕੇ ਐਸ.ਬੀ.ਆਈ. ਦੇ ਮੈਨੇਜਰ ਸ. ਹਰਪ੍ਰੀਤ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਬੈਂਕਿੰਗ ਖੇਤਰ ਨਾਲ ਜੁੜੀਆਂ ਕਈ ਮਹੱਤਵਪੂਰਨ ਯੋਜਨਾਵਾਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਖ਼ਾਸ ਕਰਕੇ ਬਚਤ ਖਾਤਾ, ਸਿੱਖਿਆ ਲਈ ਲੋਨ, ਸਕਾਲਰਸ਼ਿਪ ਯੋਜਨਾਵਾਂ, ਡਿਜ਼ਿਟਲ ਬੈਂਕਿੰਗ ਅਤੇ ਇਨਸ਼ੋਰੈਂਸ ਸਕੀਮਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਬਚਪਨ ਤੋਂ ਹੀ ਬਚਤ ਦੀ ਆਦਤ ਪਾਉਣ ਨਾਲ ਆਉਣ ਵਾਲੇ ਜੀਵਨ ਵਿੱਚ ਆਰਥਿਕ ਸੁਰੱਖਿਆ ਬਣਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਪ੍ਰਸ਼ਨਾਂ ਦੇ ਜਵਾਬ ਵੀ ਦਿੱਤੇ ਜਿਸ ਨਾਲ ਬੱਚਿਆਂ ਵਿੱਚ ਕਾਫ਼ੀ ਉਤਸ਼ਾਹ ਦਿਖਾਈ ਦਿੱਤਾ।
ਇਸੇ ਤਰ੍ਹਾਂ ਡਾ. ਗੁਰਚਰਨ ਸਿੰਘ ਜੀ ਨੇ ਵੀ ਬੱਚਿਆਂ ਨੂੰ ਕਈ ਕੇਂਦਰੀ ਅਤੇ ਰਾਜ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਮਝਾਇਆ ਕਿ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਜਿਵੇਂ ਕਿ ਸਿਹਤ,ਸਿੱਖਿਆ ਅਤੇ ਰੋਜ਼ਗਾਰ ਨਾਲ ਜੁੜੀਆਂ ਸਕੀਮਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਰੌਸ਼ਨ ਕਰਨ ਵਿੱਚ ਮਦਦਗਾਰ ਹਨ।
ਸਕੂਲ ਦੀ ਪ੍ਰਿੰਸੀਪਲ ਮੈਡਮ ਅਰਵਿੰਦਰ ਕੌਰ ਜੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਸਕੂਲ ਵਲੋਂ ਚਲਾਈਆਂ ਜਾ ਰਹੀਆਂ ਕੁਝ ਖਾਸ ਸਿੱਖਿਆਈ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਬੱਚਿਆਂ ਨੂੰ ਸਿਰਫ਼ ਪੜ੍ਹਾਈ ਤੱਕ ਹੀ ਸੀਮਿਤ ਨਹੀਂ ਕਰਦੇ ਸਗੋਂ ਉਨ੍ਹਾਂ ਨੂੰ ਜੀਵਨ ਵਿੱਚ ਸਹੀ ਦਿਸ਼ਾ ਚੁਣਨ ਲਈ ਪ੍ਰੇਰਨਾ ਵੀ ਦਿੰਦੇ ਹਨ।
ਵਰਕਸ਼ਾਪ ਵਿੱਚ ਬੱਚਿਆਂ ਵੱਲੋਂ ਉਤਸ਼ਾਹਪੂਰਣ ਹਿੱਸਾ ਲਿਆ ਗਿਆ। ਪ੍ਰਸ਼ਨ-ਉੱਤਰ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਆਪਣੇ ਸੰਦੇਹ ਸਾਫ਼ ਕੀਤੇ ਅਤੇ ਕਈ ਨਵੀਆਂ ਜਾਣਕਾਰੀਆਂ ਪ੍ਰਾਪਤ ਕੀਤੀਆਂ। ਅਧਿਆਪਕਾਂ ਨੇ ਵੀ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਸਿੱਖਿਆ ਦੇ ਨਾਲ-ਨਾਲ ਜੀਵਨ ਦੇ ਕੌਸ਼ਲ ਵੀ ਸਿੱਖਣ ਨੂੰ ਮਿਲਦੇ ਹਨ।
ਅੰਤ ਵਿੱਚ ਸਕੂਲ ਪ੍ਰਬੰਧਕੀ ਕਮੇਟੀ ਵਲੋਂ ਮੇਰਾ ਯੂਵਾ ਭਾਰਤ ਪਟਿਆਲਾ ਅਤੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ ਤਾਂ ਜੋ ਬੱਚਿਆਂ ਨੂੰ ਨਵੀਨਤਮ ਜਾਣਕਾਰੀਆਂ ਅਤੇ ਪ੍ਰੇਰਨਾ ਮਿਲਦੀ ਰਹੇ।