ਰਾਜਿੰਦਰ ਦੀਪਾ ਨੇ ਸਰਹਿੰਦ ਚੋਅ ਦੀ ਸਫ਼ਾਈ ਤੇ ਚੁੱਕੇ ਸਵਾਲ
ਸੁਨਾਮ :ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਸੁਨਾਮ ਨੇੜਿਓਂ ਲੰਘਦੇ ਸਰਹਿੰਦ ਚੋਅ ਵਿੱਚ ਪਾਣੀ ਦਾ ਪੱਧਰ ਵਧ ਜਾਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਸਥਿਤੀ ਨੂੰ ਭਾਂਪਦਿਆਂ ਐਸਡੀਐਮ ਸੁਨਾਮ ਪ੍ਰਮੋਦ ਸਿੰਗਲਾ ਨੇ ਖੁਦ ਮੌਕੇ ਤੇ ਜਾਕੇ ਹਾਲਾਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਆਖਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਤੋਂ ਬਾਅਦ ਪੰਜਾਬ ਦੀਆਂ ਨਦੀਆਂ, ਨਹਿਰਾਂ ਅਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਸੀ, ਜਿਹੜਾ ਹੁਣ ਕਾਬੂ ਹੇਠ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸਰਹਿੰਦ ਚੋਅ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਸੀ ਜਿਹੜਾ ਹੁਣ ਇਹ ਬਹੁਤ ਘੱਟ ਗਿਆ ਹੈ। ਮੰਗਲਵਾਰ ਨੂੰ ਸੁਨਾਮ ਵਿਖੇ ਐੱਸ ਡੀ ਐੱਮ ਪ੍ਰਮੋਦ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੇ ਜਲ ਸਰੋਤਾਂ ਵਿੱਚ ਬੀਤੇ ਦਿਨੀਂ 300 ਕਿਊਸਕ ਪਾਣੀ ਛੱਡਿਆ ਗਿਆ ਸੀ, ਜਿਸ ਕਰਕੇ ਹੀ ਪਾਣੀ ਦਾ ਪੱਧਰ ਵਧ ਗਿਆ ਸੀ। ਪਰ ਹੁਣ ਪਾਣੀ ਨਹੀਂ ਛੱਡਿਆ ਜਾ ਰਿਹਾ ਹੈ। ਜਿਸ ਕਾਰਨ ਹੁਣ ਪਾਣੀ ਦਾ ਪੱਧਰ ਸੁਨਾਮ ਵਿੱਚੋਂ ਲੰਘਦੀ ਸਰਹਿੰਦ ਚੋਅ ਅਤੇ ਹੋਰ ਨਹਿਰਾਂ ਤੇ ਨਾਲਿਆਂ ਵਿੱਚੋਂ ਲਗਾਤਾਰ ਘਟਣ ਲੱਗਾ ਹੈ। ਅਗਲੇ ਦਿਨਾਂ ਦੌਰਾਨ ਵੀ ਇਸ ਚੋਅ ਵਿੱਚ ਪਾਣੀ ਵਧਣ ਦਾ ਖਦਸ਼ਾ ਨਹੀਂ ਹੈ।
ਉਹਨਾਂ ਕਿਹਾ ਕਿ ਪਾਣੀ ਦੇ ਰਸਤੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਹੈ। ਮੌਨਸੂਨ ਤੋਂ ਪਹਿਲਾਂ ਸਾਰੀਆਂ ਨਹਿਰਾਂ ਅਤੇ ਨਾਲਿਆਂ ਦੀ ਮੁਕੰਮਲ ਸਫ਼ਾਈ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਿਪਟਣ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਵਿੱਚ ਨਾ ਆਉਣ ਅਤੇ ਪ੍ਰਸ਼ਾਸ਼ਨ ਉੱਤੇ ਵਿਸ਼ਵਾਸ਼ ਰੱਖਣ।
ਡੱਬੀ
ਬਰਸਾਤੀ ਨਾਲਿਆਂ ਦੀ ਸਫ਼ਾਈ ਖ਼ਾਨਾਪੂਰਤੀ ਤੱਕ ਸਿਮਟੀ : ਦੀਪਾ
ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੇ ਮੰਗਲਵਾਰ ਨੂੰ ਇੰਟਰਨੈੱਟ ਮੀਡੀਆ ਤੇ ਵੀਡੀਓ ਸਾਂਝੀ ਕਰਦਿਆਂ ਇਲਾਕੇ ਅੰਦਰ ਬਰਸਾਤੀ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਦੇ ਹਾਲਾਤ ਬਿਆਨ ਕਰਦਿਆਂ ਆਖਿਆ ਕਿ ਸੂਬੇ ਦੀ ਸਰਕਾਰ ਵੱਲੋਂ ਸਮਾਂ ਰਹਿੰਦਿਆਂ ਨਾਲਿਆਂ ਦੀ ਸਫ਼ਾਈ ਵੱਲ ਧਿਆਨ ਕੇਂਦਰਿਤ ਨਹੀਂ ਕੀਤਾ ਗਿਆ ਜਿਸ ਕਾਰਨ ਲੋਕਾਂ ਦੇ ਘਰਾਂ ਵਿੱਚ ਮੀਂਹ ਦਾ ਪਾਣੀ ਦਾਖ਼ਲ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਸਰਹਿੰਦ ਚੋਅ ਵਿੱਚ ਖੜੀ ਬੂਟੀ ਵੀ ਮੁਸ਼ਕਿਲ ਬਣਦੀ ਦਿਖਾਈ ਦੇ ਰਹੀ ਹੈ।