ਖਨੌਰੀ : ਨਜਦੀਕੀ ਪਿੰਡ ਅਨਦਾਨਾ ਵਿਖੇ ਇਕ ਗਰੀਬ ਪਰਿਵਾਰ ਦਾ ਪਸ਼ੂਆਂ ਵਾਲਾ ਬਰਾਂਡਾ ਬੀਤੀ ਰਾਤ ਤੇਜ਼ ਬਰਸਾਤ ਨਾਲ ਢਹਿ ਢੇਰੀ ਹੋ ਜਾਣ ਕਾਰਨ ਬਰਾਂਡੇ ਹੇਠਾਂ ਆ ਕੇ ਉਨ੍ਹਾਂ ਦੀ ਇਕ ਸੂਣ ਵਾਲੀ ਮੱਝ ਦੀ ਮੌਤ ਹੋ ਗਈ। ਇਸ ਸਬੰਧ ਵਿਚ ਭਾਜਪਾ ਆਗੂ ਰਾਂਝਾ ਰਾਮ ਬਖਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਤੇਜ਼ ਬਰਸਾਤ ਦੇ ਕਾਰਨ ਸ਼ਿੰਦਰਪਾਲ ਪੁੱਤਰ ਰਾਜਾ ਰਾਮ ਪਿੰਡ ਅਨਦਾਨਾ ਬਾਜ਼ੀਗਰ ਬਸਤੀ ਦਾ ਅਚਾਨਕ ਰਾਤ ਤੇਜ਼ ਬਰਸਾਤ ਨਾਲ ਡੰਗਰਾਂ ਵਾਲਾ ਬਰਾਂਡਾ ਡਿੱਗ ਗਿਆ। ਜਿਸ ਕਾਰਨ ਉਸ ਦੀ ਸੂਣ ਵਾਲੀ ਕਰੀਬ ਸਵਾ ਲੱਖ ਰੁਪਏ ਦੀ ਕੀਮਤ ਦੀ ਮੱਝ ਦੀ ਮੌਕੇ ਤੇ ਹੀ ਮੌਤ ਹੋ ਗਈ। ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਉਕਤ ਗਰੀਬ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।