ਮਲੇਰਕੋਟਲਾ : ਸਾਡੇ ਦੇਸ਼ ਦੀਆ ਸਰਕਾਰਾਂ ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ਅਤੇ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਣ ਤੇ ਗ਼ਰੀਬ ਲੋਕਾਂ ਨੂੰ ਅਨਾਜ਼ ਮੁਹਈਆ ਕਰਵਾਉਣ ਦੇ ਵੱਡੇ ਵੱਡੇ ਦਾਅਵੇ ਕਰਦੀਆਂ ਨੀ ਥਕਦੀਆ। ਪਰ ਇਨ੍ਹਾਂ ਦੀ ਫ਼ੂਕ ਉਦੋਂ ਨਿਕਲਦੀ ਦਿਖਾਈ ਦਿੰਦੀ ਹੈ ਜਦੋਂ ਸੰਬੰਧਤ ਵਿਭਾਗ ਸਰਕਾਰੀ ਗੋਦਾਮਾਂ ਵਿਚੋਂ ਗਲਿਆ ਸੜਿਆ ਅਨਾਜ਼ ਗ਼ਰੀਬ ਲੋਕਾਂ ਨੂੰ ਵੰਡਣ ਲਈ ਮਾਲ ਗੱਡੀ ਰਾਹੀਂ ਦੂਸਰੇ ਸੂਬਿਆਂ ਨੂੰ ਭੇਜਦੇ ਹਨ। ਅਜਿਹਾ ਹੀ ਇਕ ਮਾਮਲਾ ਸਾਮ੍ਹਣੇ ਆਇਆ ਹੈ ਜਿਲ੍ਹਾ ਮਾਲੇਰਕੋਟਲਾ ਤੋਂ । ਬੀਤੇ ਦਿਨੀਂ ਪੰਜਾਬ ਦੀਆ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਖੁੱਲ੍ਹੇ ਗੋਦਾਮਾਂ ਵਿਚੋਂ ਕਣਕ ਮਾਲ ਗੱਡੀ ਰਾਹੀਂ ਰੇਲਵੇ ਸਟੇਸ਼ਨ ਤੋਂ ਬਾਹਰਲੇ ਸੂਬੇ ਨੂੰ ਭੇਜੀ ਜਾ ਰਹੀ ਸੀ ਜਿਸ ਵਿੱਚ ਕਣਕ ਬਹੁਤ ਖ਼ਰਾਬ ਹੋਣ ਦੀ ਭਿਣਕ ਪੱਤਰਕਾਰਾਂ ਨੂੰ ਲੱਗੀ। ਜਦੋਂ ਪੱਤਰਕਾਰਾਂ ਦੀ ਟੀਮ ਨੇ ਮੌਕੇਂ ਤੇ ਜਾਕੇ ਦੇਖਿਆ ਤਾਂ ਟਰੱਕ ਵਿੱਚ ਭਰੀ ਜਾਂ ਰਹੀ ਕਣਕ ਬਹੁਤ ਹੀ ਘਟੀਆ ਕਿਸਮ ਦੀ ਅਤੇ ਗਲੀ ਸੜੀ ਸੀ। ਹੈਰਾਨੀ ਇਸ ਗੱਲ ਦੀ ਹੈ ਕਿ ਇੱਥੇ ਵੱਡੀ ਗਿਣਤੀ ਵਿਚ ਕਣਕ ਦੀਆਂ ਗਲ-ਸੜ ਚੁੱਕੀਆਂ ਬੋਰੀਆਂ ਵਿਚਲੀ ਕਣਕ ਦੇ ਕਾਲੀ ਹੋਣ ਤੋਂ ਬਾਅਦ ਖਲੇਪੜ ਬਣ ਚੁੱਕੇ ਸਨ, ਪਰ ਫਿਰ ਵੀ ਇਸ ਕਣਕ ਨੂੰ ਬਾਹਰ ਭੇਜਣ ਦੇ ਲਈ ਟਰੱਕਾਂ ਵਿਚ ਲੋਡ ਕੀਤਾ ਜਾ ਰਿਹਾ ਸੀ। ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਇਸ ਕਣਕ ਨੂੰ ਇਨਸਾਨ ਤਾਂ ਕੀ ਪਸ਼ੂ ਵੀ ਮੂੰਹ ਨਹੀਂ ਲਗਾਉਣਗੇ। ਸਿਹਤ ਚਿੰਤਕਾਂ ਤੇ ਆਮ ਲੋਕਾਂ ਵਲੋਂ ਸਬੰਧਿਤ ਵਿਭਾਗਾਂ ਦੇ ਕਰਮਚਾਰੀਆਂ ਉੱਤੇ ਅਕਸਰ ਇਹ ਇਲਜ਼ਾਮ ਲੱਗਦੇ ਰਹਿੰਦੇ ਹਨ ਕਿ ਆਪਣੇ ਘਾਟੇ ਵਾਧਿਆਂ ਨੂੰ ਪੂਰਾ ਕਰਨ ਦੇ ਲਈ ਓਪਨ ਕਰੇਟਾਂ ਉੱਤੇ ਲੱਗੀ ਕਣਕ ਦੇ ਵਿਚ ਜਾਣਬੁੱਝ ਕੇ ਪਾਣੀ ਪਾਇਆ ਜਾਂਦਾ ਹੈ ਜਿਸ ਨਾਲ ਕਣਕ ਖ਼ਰਾਬ ਹੋ ਜਾਂਦੀ ਹੈ, ਆਖ਼ਰ ਸੱਚ ਕੀ ਹੈ ਇਹ ਤਾਂ ਉਹੀ ਜਾਣਦੇ ਹਨ ਪਰ ਕਣਕ ਖ਼ਰਾਬ ਹੋਣ ਦਾ ਇਹ ਵਰਤਾਰਾ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਬਿਨਾਂ ਰੋਕ-ਟੋਕ ਤੋਂ ਚੱਲ ਰਿਹਾ ਹੈ, ਆਖ਼ਰ ਇਸ ਦਾ ਜ਼ਿੰਮੇਵਾਰ ਕੌਣ ਹੈ, ਕਿਸੇ ਨੂੰ ਕੁੱਝ ਵੀ ਨਹੀਂ ਪਤਾ। ਜਦੋਂ ਇਸ ਸਬੰਧੀ ਸਬੰਧਿਤ ਵਿਭਾਗ ਦੇ ਉੱਚ ਅਧਿਕਰੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਸਬੰਧੀ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਇਸ ਸਬੰਧੀ ਹਲਕਾ ਮਾਲੇਰਕੋਟਲਾ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇ ਦਾਰ ਕਾਂਮਰੇਡ ਮੁੰਹਮਦ ਇਸਮਾਇਲ ਨੇ ਕਿਹਾ ਕਿ ਪੰਜਾਬ ਸਰਕਾਰ ਇਕ ਪਾਸੇ ਤਾਂ ਪੰਜਾਬ ਦੇ ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ਦੇ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਇਸ ਤਰ੍ਹਾਂ ਦਾ ਖ਼ਰਾਬ ਅਨਾਜ਼ ਭੇਜ ਰਹੀ ਹੈ ਉਹ ਵੀ ਇੰਨਸਾਨ ਹਨ ਜਿਨ੍ਹਾਂ ਨੇ ਇਹ ਕਣਕ ਖਾਣੀ ਹੈ।ਇਹ ਬਹੁਤ ਹੀ ਮਾੜੀ ਗੱਲ ਹੈ ਕਿ ਲੋੜਬੰਦ ਗਰੀਬ ਲੋਕਾਂ ਨੂੰ ਵੰਡਣ ਵਾਲੀ ਕਣਕ ਇੰਨੀ ਖਰਾਬ ਭੇਜੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਕਲਾ ਬਜ਼ਾਰੀ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਦਾ ਕੌਣ ਜ਼ਿੰਮੇਵਾਰ ਹੈ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
ਇਸ ਸਬੰਧੀ ਉਥੇ ਟਰੱਕ ਭਰ ਰਹੇ ਪੱਲੇਦਾਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਣਕ ਦੇ ਲੱਗੇ ਚੱਕਿਆ ਵਿੱਚ ਭਿੱਜਣ ਕਾਰਨ ਬੋਰੀਆ ਖਰਾਬ ਜਰੂਰ ਹਨ ਪਰ ਉਨ੍ਹਾਂ ਨੂੰ ਪਰੇ ਕਰ ਕੇ ਟਰਕਾ ਵਿੱਚ ਸਿਰਫ਼ ਸਾਫ ਕਣਕ ਹੀ ਲਦੀ ਜਾਂਦੀ ਹੈ।
ਇਸ ਮਾਮਲੇ ਸੰਬੰਧੀ ਜਦੋ ਸਪੈਸ਼ਲ ਭਰਾ ਰਹੇ ਐਫ ਸੀ ਆਈ ਦੇ ਅਧਿਕਾਰੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਅੰਦਰ ਪੰਜਾਬ ਦੀਆ ਖਰੀਦ ਏਜੰਸੀਆਂ ਕੋਲੋ ਜੋਂ ਕਣਕ ਮਾਲ ਗੱਡੀ ਸਪੈਸ਼ਲ ਰਾਹੀਂ ਦੂਸਰੇ ਸੂਬਿਆਂ ਨੂੰ ਭੇਜੀ ਜਾ ਰਹੀ ਹੈ ਉਸ ਵਿੱਚ ਖਰਾਬ ਕਣਕ ਦੀਆਂ ਬੋਰੀਆਂ ਬਾਹਰ ਕੱਢ ਦਿੱਤੀਆਂ ਜਾਂਦੀਆਂ ਹਨ ਅਤੇ ਸਿਰਫ ਸਾਫ਼ ਸੁਥਰੀ ਕਣਕ ਹੀ ਭੇਜੀ ਜਾ ਰਹੀ ਹੈ।